ਲੋਕਾਂ ਦਾ ਭਰੋਸਾ ਨਹੀਂ ਟੁਟਣ ਦਿਤਾ : ਮਾਨ

0
3

ਚੰਡੀਗੜ੍ਹ (ਗੁਰਜੀਤ ਬਿਲਾ, ਕ੍ਰਿਸ਼ਨ ਗਰਗ)
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਵਰ੍ਹੇ ਮੁਕੰਮਲ ਹੋਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ‘ਕੰਮ ਦੀ ਸਿਆਸਤ’ ਰਾਹੀਂ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਰੱਦ ਕਰਕੇ ਸਾਥੋਂ ਉਮੀਦਾਂ ਰੱਖੀਆਂ ਸਨ ਅਤੇ ਅਸੀਂ ਲੋਕਾਂ ਦਾ ਭਰੋਸਾ ਟੁੱਟਣ ਨਹੀਂ ਦਿੱਤਾ।
ਉਨ੍ਹਾ ਕਿਹਾ ਕਿ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’, 1.55 ਲੱਖ ਕਰੋੜ ਰੁਪਏ ਦੇ ਰਿਕਾਰਡ ਨਿਵੇਸ਼ ਅਤੇ ਸੜਕ ਸੁਰੱਖਿਆ ਫੋਰਸ ਨਾਲ ਸਰਕਾਰ ਦੇ ਇਰਾਦੇ ਸਪੱਸ਼ਟ ਹੁੰਦੇ ਹਨ ਕਿ ਪੰਜਾਬ ਦੇ ਮੁੜ ਨਿਰਮਾਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਆਉਣ ਵਾਲਾ ਸਾਲ ਪੰਜਾਬ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਇਕ ਨਵੇਂ ਸਿਖਰ ’ਤੇ ਲਿਜਾਣ ਲਈ ਸਮਰਪਤ ਹੋਵੇਗਾ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਲੋਕਾਂ ਨੂੰ 300 ਯੂਨਿਟ ਹਰ ਮਹੀਨੇ ਮੁਫਤ ਬਿਜਲੀ ਦਿੱਤੀ ਗਈ, ਜਿਸ ਦਾ ਅੱਜ ਸੂਬੇ ਦੇ 90 ਫੀਸਦੀ ਲੋਕ ਲਾਭ ਲੈ ਰਹੇ ਹਨ| ਇਸ ਦੇ ਨਾਲ ਹੀ ਖੇਤਾਂ ਵਿੱਚ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਗਈ| ਝਾਰਖੰਡ ਦੇ ਪਿਛਵਾੜਾ ਵਿੱਚ ਬੰਦ ਪਈ ਕੋਲ ਮਾਈਨ ਨੂੰ ਮੁੜ ਸ਼ੁਰੂ ਕਰਵਾਇਆ ਅਤੇ ਜੀ ਵੀ ਕੇ ਥਰਮਲ ਪਲਾਂਟ ਨੂੰ ਖਰੀਦਿਆ|
ਮਾਨ ਨੇ ਕਿਹਾ ਕਿ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਪੰਜ ਕਰੋੜ ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ| ਜਲਦ ਹੀ 200 ਦੇ ਕਰੀਬ ਹੋਰ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ| ਇਸ ਦੇ ਨਾਲ ਹੀ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹ¾ਈਆ ਕਰਵਾਇਆ ਜਾ ਰਿਹਾ ਹੈ| ਸਿੱਖਿਆ ਦੇ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਸਕੂਲ ਆਫ ਐਮੀਨੈਂਸ ਸ਼ੁਰੂ ਕੀਤੇ ਗਏ ਅਤੇ ਸੂਬੇ ਦੇ 65264 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ| ਖੇਤੀ ਖੇਤਰ ਨੂੰ ਧਰਤੀ ਹੇਠਲੇ ਪਾਣੀ ਤੋਂ ਨਹਿਰੀ ਪਾਣੀ ’ਤੇ ਨਿਰਭਰ ਕਰਨ ਲਈ 5700 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ| ਇਸ ਨਾਲ ਅੱਜ ਸੂਬੇ ਵਿੱਚ 78 ਫੀਸਦ ਖੇਤੀ ਨਹਿਰੀ ਪਾਣੀ ਨਾਲ ਕੀਤੀ ਜਾ ਰਹੀ ਹੈ| ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ 8 ਹਜ਼ਾਰ ਕਰੋੜ ਰੁਪਏ ਦੇ ਆਰ ਡੀ ਐੱਫ ਦੇ ਫੰਡ ਰੋਕੇ ਹੋਏ ਹਨ| ਇਨ੍ਹਾਂ ਫੰਡਾਂ ਕਰਕੇ ਸੂਬੇ ਦੇ ਦਿਹਾਤੀ ਖੇਤਰ ਦਾ ਵਿਕਾਸ ਰੁਕਿਆ ਪਿਆ ਹੈ|
ਉਨ੍ਹਾ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬਿਆਂ ਦਾ ਬਣਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ| ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ| ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਦਾ ਖਾਤਮਾ ਕਰਨ ਲਈ ਸਖਤੀ ਨਾਲ ਕੰਮ ਕੀਤਾ ਜਾ ਰਿਹਾ ਹੈ, ਜਦੋਂ ਕਿ ਵਿਰੋਧੀ ਧਿਰਾਂ ਵੱਲੋਂ ਗੈਂਗਸਟਰਾਂ ਨਾਲ ਰਿਸ਼ਤੇਦਾਰੀਆਂ ਨਿਭਾਈ ਜਾਂਦੀਆਂ ਹਨ|
ਉਨ੍ਹਾ ਬਿਨਾਂ ਨਾਂਅ ਲਏ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਲਕਾ ਇੰਚਾਰਜ ਤੱਕ ਲਗਾਏ ਜਾ ਰਹੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚੋਂ ਗੈਂਗਸਟਰਾਂ ਦਾ ਜੜ੍ਹ ਤੋਂ ਖਾਤਮਾ ਕੀਤਾ ਜਾਵੇਗਾ| ਮਾਨ ਨੇ ਅਮਿਤ ਸ਼ਾਹ ਵੱਲੋਂ ਸੂਬੇ ਵਿੱਚ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਲਿਆਉਣ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਧਰਮ ਦੀ ਲੜਾਈ ਸ਼ੁਰੂ ਹੋ ਜਾਵੇਗੀ| ਉਨ੍ਹਾ ਕਿਹਾ ਕਿ ਭਾਜਪਾ ਨੇ ਜਿਨ੍ਹਾਂ ਸੂਬਿਆਂ ਵਿੱਚ ਸਰਕਾਰ ਬਣਾਈ ਹੈ, ਉੱਥੇ ਧਰਮ ਦੇ ਨਾਂਅ ’ਤੇ ਲੜਾਈ ਸ਼ੁਰੂ ਹੋਈ ਹੈ| ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇੱਥੇ ਧਰਮ ਦੇ ਨਾਂਅ ਦੀ ਲੜਾਈ ਨਹੀਂ ਚੱਲੇਗੀ|