ਰਸੋਈ ਗੈਸ ਦੀ ਕਿਲਤ ’ਤੇ ਪੰਜਾਬ ਵਿਧਾਨ ਸਭਾ ’ਚ ਭਾਰੀ ਹੰਗਾਮਾ

0
3

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਅਜਲਾਸ ਦਾ ਆਖਰੀ ਦਿਨ ਸੋਮਵਾਰ ਗੈਸ ਸਿਲੰਡਰਾਂ ਦੀ ਕਿੱਲਤ ਦੇ ਮੁੱਦੇ ਨੂੰ ਲੈ ਕੇ ਕਾਫੀ ਹੰਗਾਮੇ ਭਰਿਆ ਰਿਹਾ| ਸਿਫਰ ਕਾਲ ਦੌਰਾਨ ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਵਿੱਚ ਰਸੋਈ ਗੈਸ ਦੀ ਭਾਰੀ ਕਿੱਲਤ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਆਮ ਲੋਕਾਂ ਨੂੰ ਤੁਰੰਤ ਸਿਲੰਡਰ ਮੁਹੱਈਆ ਕਰਵਾਏ ਜਾਣ| ਇਸ ਮੁੱਦੇ ’ਤੇ ਚਰਚਾ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧੇ| ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਵੱਧ ਵਿਦੇਸ਼ ਦੌਰੇ ਕੀਤੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾ ਦੀ ਵਿਦੇਸ਼ ਨੀਤੀ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ| ਉਨ੍ਹਾ ਸਵਾਲ ਚੁੱਕਿਆ ਕਿ ਪਤਾ ਨਹੀਂ ਪ੍ਰਧਾਨ ਮੰਤਰੀ ਕਿਹੜੀਆਂ ਫਾਈਲਾਂ ਦੇ ਦਬਾਅ ਹੇਠ ਅਮਰੀਕਾ ਅੱਗੇ ਝੁਕੇ ਹਨ| ਸਦਨ ਵਿੱਚ ਮਾਹੌਲ ਏਨਾ ਗਰਮਾ ਗਿਆ ਕਿ ‘ਆਪ’ ਵਿਧਾਇਕਾਂ ਨੇ ਸਦਨ ਦੇ ਅੰਦਰ ਹੀ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ| ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕਾਂ ਨੂੰ ਵਾਰ-ਵਾਰ ਸ਼ਾਂਤ ਹੋਣ ਅਤੇ ਆਪਣੀਆਂ ਸੀਟਾਂ ’ਤੇ ਬੈਠਣ ਦੀ ਅਪੀਲ ਕੀਤੀ, ਪਰ ਵਿਧਾਇਕਾਂ ਦਾ ਜੋਸ਼ ਠੰਢਾ ਨਹੀਂ ਹੋਇਆ| ਵਿਧਾਇਕਾਂ ਵੱਲੋਂ ਪ੍ਰਦਰਸ਼ਨ ਜਾਰੀ ਰੱਖਣ ਅਤੇ ਲਗਾਤਾਰ ਹੋ ਰਹੀ ਨਾਅਰੇਬਾਜ਼ੀ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ| ਜ਼ਿਕਰਯੋਗ ਹੈ ਕਿ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਗਲਾਂ ਵਿ¾ਚ ਚੋਗੇ ਪਾ ਕੇ ਇਸੇ ਮੁੱਦੇ ’ਤੇ ਰੋਸ ਪ੍ਰਗਟਾਇਆ ਸੀ| ਪ੍ਰਸ਼ਨ ਕਾਲ ਦੌਰਾਨ ਬੇਅਦਬੀ ਮਾਮਲਿਆਂ ਵਿੱਚ ਸਖਤ ਸਜ਼ਾਵਾਂ ਵਾਲੇ ਕਾਨੂੰਨ ਨੂੰ ਲੈ ਕੇ ਹੰਗਾਮਾ ਹੋਇਆ| ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ| ਬਾਜਵਾ ਨੇ ਸਦਨ ਦਾ ਧਿਆਨ ਖਿੱਚਦਿਆਂ ਦੱਸਿਆ ਕਿ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ ਪਿਛਲੇ ਕਰੀਬ ਡੇਢ ਸਾਲ ਤੋਂ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਹੋਏ ਹਨ, ਪਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ| ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਕਰੀਬ ਅੱਠ ਮਹੀਨੇ ਪਹਿਲਾਂ ਇਹ ਮਾਮਲਾ ‘ਸਿਲੈਕਟ ਕਮੇਟੀ’ ਨੂੰ ਸੌਂਪਿਆ ਗਿਆ ਸੀ, ਪਰ ਅਫਸੋਸ ਦੀ ਗੱਲ ਹੈ ਕਿ ਹਾਲੇ ਤੱਕ ਇਸ ਬਾਰੇ ਕੋਈ ਪ੍ਰਗਤੀ ਸਾਹਮਣੇ ਨਹੀਂ ਆਈ| ਬਾਜਵਾ ਨੇ ਪੁਰਜ਼ੋਰ ਮੰਗ ਕੀਤੀ ਕਿ ਸੈਸ਼ਨ ਦੀ ਸਮਾਪਤੀ ਤੋਂ ਪਹਿਲਾਂ-ਪਹਿਲਾਂ ਪੰਜਾਬ ਸਰਕਾਰ ਇਸ ਪ੍ਰਸਤਾਵਤ ਕਾਨੂੰਨ ਦੀ ਮੌਜੂਦਾ ਸਥਿਤੀ ਬਾਰੇ ਸਦਨ ਵਿੱਚ ਸਥਿਤੀ ਸਪੱਸ਼ਟ ਕਰੇ|