98 ਫੀਸਦੀ ਡਿਸਕਾਊਂਟ

0
124

ਨਵੀਂ ਮੁੰਬਈ ’ਚ 5286 ਏਕੜ ਦੀ ਸਭ ਤੋਂ ਵੱਡੀ ਉਦਯੋਗਿਕ ਭੂਮੀ ’ਤੇ ਰਿਲਾਇੰਸ ਦਾ ਕਬਜ਼ਾ ਹੋ ਗਿਆ ਹੈ। ਇਸ ਲਈ ਉਸ ਨੂੰ ਸਿਰਫ 2200 ਕਰੋੜ ਰੁਪਏ ਚੁਕਾਉਣੇ ਪਏ ਹਨ, ਜਦਕਿ ਇਸ ਦੀ ਕੀਮਤ ਇੱਕ ਲੱਖ ਕਰੋੜ ਦੱਸੀ ਜਾਂਦੀ ਹੈ। ਇਹ ਭੂਮੀ ਤਕਰੀਬਨ 98 ਫੀਸਦੀ ਡਿਸਕਾਊਂਟ ’ਤੇ ਰਿਲਾਇੰਸ ਹਵਾਲੇ ਕਰ ਦਿੱਤੀ ਗਈ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ’ਤੇ ਅਟਲ ਸੇਤੂ ਬਿਲਕੁਲ ਨਾਲ ਹੋਣ ਕਰਕੇ ਇਹ ਭੂਮੀ ਨੇੜ-ਭਵਿੱਖ ’ਚ ਇਕ ਅਜਿਹੀ ਮੈਗਾਸਿਟੀ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਰੱਖਦੀ ਹੈ, ਜਿਸ ’ਤੇ ਮੁਕੇਸ਼ ਅੰਬਾਨੀ ਚੀਨ ਦੇ ਸ਼ੇਨਜ਼ੇਨ ਸਪੈਸ਼ਲ ਇਕਨਾਮਿਕ ਜ਼ੋਨ ਦੀ ਤਰਜ਼ ’ਤੇ ਵਰਲਡ ਕਲਾਸ ਸਿਟੀ ਬਣਾਉਣ ਦਾ ਸੁਫਨਾ ਦੋ ਦਹਾਕਿਆਂ ਤੋਂ ਦੇਖ ਰਹੇ ਸਨ। 2021 ਵਿੱਚ ਨਵੀਂ ਮੁੰਬਈ ’ਚ ਵਿਸ਼ਵ ਪੱਧਰ ਦਾ ਇਕਨਾਮਿਕ ਸੈਂਟਰ ਬਣਾਉਣ ਲਈ ਰਿਲਾਇੰਸ ਇੰਡਸਟ੍ਰੀਜ਼ ਨੇ ਮਹਾਰਾਸ਼ਟਰ ਸਰਕਾਰ ਨਾਲ ਕਰਾਰ ਕੀਤਾ ਸੀ। ਇਸ ਵਿੱਚ ਸੰਸਾਰ ਗੱਠਜੋੜ ਦੇ ਰੂਪ ’ਚ ਦੁਨੀਆ ਦੇ ਸਿਖਰਲੇ ਏਕੀ�ਿਤ ਡਿਜੀਟਲ, ਸਰਵਿਸਿਜ਼ ਤੇ ਉਦਯੋਗਿਕ ਖੇਤਰਾਂ ਨੂੰ ਸ਼ਾਮਲ ਕਰਨ ਦੀ ਗੱਲ ਕਹੀ ਗਈ ਸੀ। ਸੰਸਾਰ ਪੱਧਰ ’ਤੇ ਵੇਅਰ ਹਾਊਸਿੰਗ ਦੀ ਵਧਦੀ ਲੋੜ ਦੇ ਮੱਦੇਨਜ਼ਰ ਰਿਲਾਇੰਸ ਸਮੂਹ ਇਸ ਭੂਮੀ ਦੀ ਵਰਤੋਂ ਵੱਡੀ ਪੱਧਰ ’ਤੇ ਕਰ ਸਕਦਾ ਹੈ। ਭਾਰਤ ਸਰਕਾਰ ਪਹਿਲਾਂ ਹੀ ਅਟਲ ਸੇਤੂ ’ਤੇ 17,840 ਕਰੋੜ ਰੁਪਏ ਖਰਚ ਕਰਕੇ ਦੇਸ਼ ਦਾ ਸਭ ਤੋਂ ਕੀਮਤੀ ਬੁਨਿਆਦੀ ਢਾਂਚਾ ਖੜ੍ਹਾ ਕਰ ਚੁੱਕੀ ਹੈ। ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਟਲ ਸੇਤੂ ਦਾ ਉਦਘਾਟਨ ਕੀਤਾ ਜਾ ਰਿਹਾ ਸੀ, ਤਦ ਆਮ ਲੋਕਾਂ ਨੂੰ ਇਸ ਦੇ ਅਸਲ ਮਹੱਤਵ ਦੀ ਸਮਝ ਨਹੀਂ ਸੀ ਪਈ, ਪਰ ਹੁਣ ਛੇਤੀ ਹੀ ਪੈਣ ਲੱਗੇਗੀ। ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਵੀ ਕਰੀਬ ਹੈ। ਇਸ ਤਰ੍ਹਾਂ ਮੋਦੀ ਸਰਕਾਰ ਨੇ ਥਾਲੀ ਵਿੱਚ ਸਜਾ ਕੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਖੜ੍ਹਾ ਕਰਕੇ ਦੇ ਦਿੱਤਾ ਹੈ, ਜਿਸ ਦੇ ਸਹਾਰੇ ਰਿਲਾਇੰਸ ਸਮੂਹ ਲਈ ਲੰਮੀ ਛਾਲ ਮਾਰਨਾ ਬੇਹੱਦ ਆਸਾਨ ਹੋ ਚੁੱਕਾ ਹੈ।
ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਹੈ, ਭਾਰਤ ਵਿੱਚ ਰਿਲਾਇੰਸ ਰਿਟੇਲ ਨੂੰ ਮਜ਼ਬੂਤੀ ਦੇਣ ਲਈ ਵੀ ਇਕ ਅਹਿਮ ਕਰਾਰ ਹੋਇਆ ਹੈ। ਚੀਨ ਦੀ ਐਪ ਬੇਸਡ ਰਿਟੇਲ ਕੰਪਨੀ ਸ਼ੇਨ, ਜਿਸ ਨੂੰ ਜੂਨ 2020 ’ਚ ਲੱਗਭੱਗ 200 ਚੀਨੀ ਕੰਪਨੀਆਂ ਦੀ ਤਰ੍ਹਾਂ ਭਾਰਤ ’ਚ ਬੈਨ ਕਰ ਦਿੱਤਾ ਗਿਆ ਸੀ, ਦੀ ਰਿਲਾਇੰਸ ਰਿਟੇਲ ਤਹਿਤ ਭਾਰਤ ’ਚ ਐਂਟਰੀ ਦੀ ਆਗਿਆ ਮਿਲ ਗਈ ਹੈ। ਰਿਲਾਇੰਸ ਰਿਟੇਲ ਟਾਟਾ ਦੇ ਰਿਟੇਲ ਬਰਾਂਡ ਜ਼ੂਡੀਓ ਤੇ ਫਲਿਪਕਾਰਟ ਤੋਂ ਪਛੜ ਰਹੀ ਸੀ। ਸ਼ੇਨ ਨਾਲ ਭਾਈਵਾਲੀ ਲਈ ਅੰਬਾਨੀ ਕਾਫੀ ਚਿਰ ਤੋਂ ਸਰਗਰਮ ਸਨ, ਪਰ ਭਾਰਤ-ਚੀਨ ਸੰਬੰਧਾਂ ’ਚ ਕੜਵਾਹਟ ਰੁਕਾਵਟ ਬਣੀ ਹੋਈ ਸੀ। ਹਾਲ ਹੀ ਦਿਨਾਂ ਵਿੱਚ ਭਾਰਤ ਤੇ ਚੀਨ ਵਿਚਾਲੇ ਸੰਬੰਧਾਂ ’ਚ ਸ਼ਹਿਦ ਕਿਵੇਂ ਘੁਲਿਆ, ਇਹ ਤਾਂ ਖੋਜ ਦਾ ਵਿਸ਼ਾ ਹੈ, ਪਰ ਭਾਰਤੀ ਰਿਟੇਲ ਬਾਜ਼ਾਰ ’ਚ ਸ਼ੇਨ ਤੇ ਰਿਲਾਇੰਸ ਦੀ ਯਾਰੀ ਪੈ ਗਈ ਹੈ, ਜਿਹੜੀ ਬਾਕੀ ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡ ਸਕਦੀ ਹੈ। ਇਸ ਦੀ ਮਿਸਾਲ ਅਮਰੀਕੀ, ਮੈਕਸੀਕਨ ਤੇ ਯੂਰਪੀ ਬਾਜ਼ਾਰਾਂ ਵਿੱਚ ਦੇਖੀ ਜਾ ਸਕਦੀ ਹੈ, ਜਿੱਥੇ ਸ਼ੇਨ ਜ਼ਾਰਾ ਤੇ ਐੱਚ ਐਂਡ ਐੱਮ ਵਰਗੇ ਵਿਸ਼ਵ ਪੱਧਰੀ ਬਰਾਂਡਾਂ ਨੂੰ ਪਿੱਛੇ ਛੱਡ ਕੇ ਸਭ ਤੋਂ ਸਫਲ ਰਿਟੇਲ ਫੈਸ਼ਨ ਬਰਾਂਡ ਬਣ ਗਿਆ ਹੈ।
ਧਾਰਾਵੀ ਦੀ ਪ੍ਰਾਈਮ ਪ੍ਰਾਪਰਟੀ ਅਡਾਨੀ ਤੇ ਨਵੀਂ ਮੁੰਬਈ ਦੀ ਪ੍ਰਾਈਮ ਪ੍ਰਾਪਰਟੀ ਕੌਡੀਆਂ ਦੇ ਭਾਅ ਅੰਬਾਨੀ ਨੂੰ ਵੇਚ ਕੇ ਹੁਕਮਰਾਨ ਬੇਹਯਾਈ ਨਾਲ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਝੋਕਣ ’ਚ ਕਾਮਯਾਬ ਹੋ ਗਏ ਹਨ। ‘ਜੈ ਮਹਾਰਾਸ਼ਟਰ’ ਦੇ ਜੈਕਾਰੇ ਛੱਡਣ ਵਾਲੀਆਂ ਦੋ ਮਰਾਠੀ ਪਾਰਟੀਆਂ ਸ਼ਿਵ ਸੈਨਾ (ਊਧਵ) ਤੇ ਐੱਨ ਸੀ ਪੀ (ਸ਼ਰਦ ਪਵਾਰ) ਸਣੇ ਲੱਗਭੱਗ ਸਾਰੀਆਂ ਪਾਰਟੀਆਂ ਦੀ ਇਸ ਬਾਰੇ ਖਾਮੋਸ਼ੀ ਦੱਸਦੀ ਹੈ ਕਿ ਸਾਡਾ ਚੋਣ ਲੋਕਤੰਤਰ ਕਿੰਨਾ ਖੋਖਲਾ ਤੇ ਬੇਹਿਸ ਹੋ ਗਿਆ ਹੈ। ਟਾਟਾ, ਵਾਲਮਾਰਟ, ਐਮਾਜ਼ੋਨ ਤੇ ਰਿਲਾਇੰਸ ਸਮੂਹ ਵਿਚਾਲੇ ਭਾਰਤੀ ਵਸਤਰ ਉਦਯੋਗ ਦਾ ਚੀਰਹਰਨ ਮੋਦੀ ਦੇ ਮੇਕ ਇਨ ਇੰਡੀਆ ਦੀ ਹਕੀਕਤ ਬਿਆਨ ਕਰ ਰਿਹਾ ਹੈ। ਹਜ਼ਾਰਾਂ ਕਰੋੜ ਦੀ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਦੀ ਬੂਸਟਰ ਡੋਜ਼ ਦੇ ਕੇ ਜਿਨ੍ਹਾਂ ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਦਾ ਚਾਰਾ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਅੰਕੜਿਆਂ ਨੂੰ ਦਿਖਾ ਕੇ ‘ਮੇਕ ਇਨ ਇੰਡੀਆ’ ਦਾ ਢੋਲ ਜ਼ੋਰ-ਸ਼ੋਰ ਨਾਲ ਵਜਾਇਆ ਜਾ ਰਿਹਾ ਹੈ, ਪਰ ਉਸ ਦੀ ਪੋਲ ਹੁਣ ਖੁੱਲ੍ਹਦੀ ਦਿਸ ਰਹੀ ਹੈ।