ਐੱਚ ਐੱਮ ਪੀ ਵੀ ਦਾ 9ਵਾਂ ਕੇਸ

0
163

ਨਵੀਂ ਦਿੱਲੀ : ਕੋਰੋਨਾ ਵਾਇਰਸ ਵਰਗੇ ਹਿਊਮਨ ਮੈਟਾਨਿਊਮੋ ਵਾਇਰਸ (ਐੱਚ ਐੱਮ ਪੀ ਵੀ) ਦਾ ਮਹਾਰਾਸ਼ਟਰ ’ਚ ਬੁੱਧਵਾਰ ਤੀਜਾ ਕੇਸ ਮਿਲਿਆ। ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ’ਚ 6 ਮਹੀਨੇ ਦੀ ਬੱਚੀ ਪ੍ਰਭਾਵਿਤ ਮਿਲੀ। ਉਸ ਨੂੰ 1 ਜਨਵਰੀ ਨੂੰ ਖੰਘ, ਛਾਤੀ ’ਚ ਜਕੜਨ ਅਤੇ ਆਕਸੀਜਨ ਲੈਵਲ 84 ਫੀਸਦੀ ਤੱਕ ਘਟਣ ਕਾਰਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਹਾਲਾਂਕਿ ਹੁਣ ਉਹ ਠੀਕ ਹੈ। ਮੁੰਬਈ ’ਚ ਇਸ ਵਾਇਰਸ ਦਾ ਇਹ ਪਹਿਲਾ ਮਾਮਲਾ ਹੈ। ਮੰਗਲਵਾਰ ਨੂੰ ਨਾਗਪੁਰ ’ਚ 2 ਕੇਸ ਸਾਹਮਣੇ ਆਏ ਸਨ। ਇੱਕ 13 ਸਾਲ ਦੀ ਲੜਕੀ ਅਤੇ 7 ਸਾਲ ਦਾ ਲੜਕਾ ਪ੍ਰਭਾਵਤ ਮਿਲੇ ਸਨ। ਹਾਲਾਂਕਿ ਇਨ੍ਹਾਂ ਨੂੰ ਹਸਪਤਾਲ ’ਚ ਭਰਤੀ ਨਹੀਂ ਕਰਾਉਣਾ ਪਿਆ। ਇਲਾਜ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਕੰਟਰੋਲ ’ਚ ਹੈ। ਤਾਜ਼ਾ ਕੇਸ ਮੁੰਬਈ ’ਚ ਮਿਲਣ ਨਾਲ ਇਸ ਵਾਇਰਸ ਦੇ ਕੁੱਲ ਮਾਮਲੇ 9 ਹੋ ਗਏ ਹਨ। ਮਹਾਰਾਸ਼ਟਰ ਤੋਂ ਪਹਿਲਾਂ ਸੋਮਵਾਰ ਕਰਨਾਟਕ ਅਤੇ ਤਾਮਿਲਨਾਡੂ ’ਚ 2-2, ਪੱਛਮੀ ਬੰਗਾਲ ਅਤੇ ਗੁਜਰਾਤ ’ਚ ਇੱਕ ਇੱਕ ਕੇਸ ਮਿਲਾ ਕੇ ਵਾਇਰਸ ਦੇ ਕੁੱਲ 6 ਮਾਮਲੇ ਸਾਹਮਣੇ ਆਏ ਸਨ। ਐੱਚ ਐੱਮ ਪੀ ਵੀ ਕੇਸ ਸਾਹਮਣੇ ਆਉਣ ਤੋਂ ਬਾਅਦ ਸੂਬਿਆਂ ਨੇ ਵੀ ਚੌਕਸੀ ਵਧਾ ਦਿੱਤੀ ਹੈ। ਪੰਜਾਬ ’ਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਇੱਧਰ ਗੁਜਰਾਤ ’ਚ ਹਸਪਤਾਲਾਂ ’ਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਹਨ। ਹਰਿਆਣਾ ’ਚ ਵੀ ਸਿਹਤ ਵਿਭਾਗ ਨੂੰ ਐੱਚ ਐੱਮ ਪੀ ਵੀ ’ਤੇ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।