ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ 20 ਜਨਵਰੀ ਨੂੰ ਅਹੁਦਾ ਸੰਭਾਲਣਗੇ। ਇਸ ਦੌਰਾਨ ਉਨ੍ਹਾ ਪਨਾਮਾ ਨਹਿਰ ਅਤੇ ਗ੍ਰੀਨਲੈਂਡ ਨੂੰ ਲੈ ਕੇ ਆਪਣੇ ਇਰਾਦੇ ਜ਼ਾਹਰ ਕੀਤੇ ਹਨ। ਉਨ੍ਹਾ ਦਾ ਕਹਿਣਾ ਹੈ ਕਿ ਇਹ ਦੋਵੇਂ ਇਲਾਕੇ ਅਮਰੀਕਾ ਦੀ ਸੁਰੱਖਿਆ ਲਈ ਅਹਿਮ ਹਨ ਅਤੇ ਇਨ੍ਹਾਂ ’ਤੇ ਸਾਡਾ ਕਬਜ਼ਾ ਜ਼ਰੂਰੀ ਹੈ। ਇਹੀ ਨਹੀਂ ਉਨ੍ਹਾ ਕਿਹਾ ਕਿ ਜੇ ਇਨ੍ਹਾਂ ਨੂੰ ਅਮਰੀਕਾ ’ਚ ਮਿਲਾਉਣ ਲਈ ਫੌਜੀ ਤਾਕਤ ਦਾ ਇਸਤੇਮਾਲ ਕਰਨਾ ਪਿਆ ਤਾਂ ਉਸ ਤੋਂ ਵੀ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾ ਕਿਹਾ ਕਿ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਇਨ੍ਹਾਂ ਇਲਾਕਿਆਂ ’ਤੇ ਸਾਡਾ ਕੰਟਰੋਲ ਜ਼ਰੂਰੀ ਹੈ। ਇਹੀ ਨਹੀਂ ਟਰੰਪ ਤਾਂ ਕੈੈਨੇਡਾ ਨੂੰ ਲੈ ਕੇ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਕੈੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੈਕਸੀਕੋ ਨੂੰ ਵੀ ਉਹ ਅਮਰੀਕਾ ਦੀ ਖਾੜੀ ਕਹਿ ਕੇ ਸੰਬੋਧਨ ਕਰ ਚੁੱਕੇ ਹਨ।
ਫਿਲਹਾਲ ਗ੍ਰੀਨਲੈਂਡ ਡੈਨਮਾਰਕ ਦੇ ਕੋਲ ਹੈ। ਟਰੰਪ ਨੇ ਹੁਣ ਇਸ ਨੂੰ ਅਮਰੀਕਾ ’ਚ ਮਿਲਾਉਣ ਦੀ ਗੱਲ ਕਹੀ ਹੈ। ਟਰੰਪ ਦੇ ਪੁੱਤਰ ਵੀ ਗ੍ਰੀਨਲੈਂਡ ਦੇ ਦੌਰੇ ’ਤੇ ਇੱਥੇ ਪਹੁੰਚੇ ਤਾਂ ਟਰੰਪ ਦੇ ਇਰਾਦਿਆਂ ਨੂੰ ਲੈ ਕੇ ਕਿਆਸ ਤੇਜ਼ ਹੋ ਗਏ ਹਨ। ਗ੍ਰੀਨਲੈਂਡ ਚਾਹੇ ਡੈਨਮਾਰਕ ਦਾ ਹਿੱਸਾ ਹੈ, ਪਰ ਇੱਥੇ ਵੱਡੀ ਗਿਣਤੀ ’ਚ ਅਮਰੀਕੀ ਫੌਜੀ ਤਾਇਨਾਤ ਹਨ ਅਤੇ ਉਸ ਦੇ ਮਿਲਟਰੀ ਬੇਸ ਇੱਥੇ ਹਨ।