ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੜਕ ਹਾਦਸਿਆਂ ’ਚ ਜ਼ਖ਼ਮੀ ਹੋਣ ਵਾਲੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਹਾਦਸਿਆਂ ’ਚ ਜ਼ਖ਼ਮੀ ਹੋਏ ਵਿਅਕਤੀਆਂ ਲਈ ਸਰਕਾਰ ਨੇ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਨੂੰ ਕੈਸ਼ਲੈੱਸ ਟ੍ਰੀਟਮੈਂਟ ਦਾ ਨਾਂਅ ਦਿੱਤਾ ਗਿਆ ਹੈ। ਹਾਦਸਾ ਹੋਣ ਦੇ 24 ਘੰਟਿਆਂ ਦੇ ਅੰਦਰ ਜਦੋਂ ਹੀ ਪੁਲਸ ਦੇ ਕੋਲ ਸੂਚਨਾ ਜਾਵੇਗੀ ਤਾਂ ਡੇਢ ਲੱਖ ਰੁਪਏ ਦੇ ਇਲਾਜ ਦਾ ਖ਼ਰਚ ਸਰਕਾਰ ਵੱਲੋਂ ਦਿੱਤਾ ਜਾਵੇਗਾ। ਗਡਕਰੀ ਨੇ ਦੱਸਿਆ ਕਿ ਕੈਸ਼ਲੈੱਸ ਟ੍ਰੀਟਮੈਂਟ ਨੂੰ ਬਤੌਰ ਪਾਇਲਟ ਪ੍ਰੋਜੈਕਟ ਕੁਝ ਸੂਬਿਆਂ ’ਚ ਕੀਤਾ ਗਿਆ ਸੀ, ਹੁਣ ਇਸ ’ਚ ਕਈ ਕਮੀਆਂ ਨੂੰ ਸੁਧਾਰ ਕਰਕੇ ਫਿਰ ਤੋਂ ਲਾਗੂ ਕੀਤਾ ਜਾ ਰਿਹਾ ਹੈ। ਗਡਕਰੀ ਨੇ ਕਿਹਾ ਕਿ ਹਿਟ ਐਂਡ ਰਨ ਦੇ ਮਾਮਲੇ ’ਚ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰ 2 ਲੱਖ ਰੁਪਏ ਦੇਵੇਗੀ। ਗਡਕਰੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਆਵਾਜਾਈ ਮੰਤਰੀਆਂ, ਸਕੱਤਰਾਂ ਦੇ ਦੋ ਦਿਨਾ ਸੰਮੇਲਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੇਂਦਰੀ ਮੰਤਰੀ ਨੇ ਦੱਸਿਆ ਕਿ ਸਾਲ 2024 ’ਚ 1.80 ਹਜ਼ਾਰ ਮੌਤਾਂ ਸੜਕ ਹਾਦਸਿਆਂ ’ਚ ਹੋਈਆਂ। ਇਸ ਤੋਂ ਇਲਾਵਾ 30 ਹਜ਼ਾਰ ਲੋਕਾਂ ਦੀ ਮੌਤ ਹੈਲਮਟ ਨਾ ਪਹਿਨਣ ਕਾਰਨ ਹੋਈ। ਇਸ ’ਚ 18 ਤੋਂ 34 ਸਾਲ ਦੀ ਉਮਰ ਦੇ 66 ਫੀਸਦੀ ਲੋਕ ਹਨ। ਗਡਕਰੀ ਨੇ ਕਿਹਾ ਕਿ ਸਕੂਲਾਂ ’ਚ ਐਗਜ਼ਿਟ ਅਤੇ ਐਂਟਰੀ ਪੁਆਇੰਟ ਦੀ ਠੀਕ ਵਿਵਸਥਾ ਨਾ ਹੋਣ ਕਾਰਨ 10 ਹਜ਼ਾਰ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸੜਕ ਦੇ ਨਿਯਮਾਂ ਦਾ ਪਾਲਣ ਨਾ ਕਰਨ ਕਾਰਨ ਵੀ ਲੋਕਾਂ ਦੀ ਜਾਨ ਚਲੀ ਜਾਂਦੀ ਹੈ।