2025 ਦਾ ਸਾਲ ਦੇਸ਼ ਦੀ ਅਰਥ-ਵਿਵਸਥਾ ਲਈ ਬੁਰੀਆਂ ਖ਼ਬਰਾਂ ਲੈ ਕੇ ਆਇਆ ਹੈ। ਕੌਮੀ ਅੰਕੜਾ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਇਸ ਸਾਲ ਦੇਸ਼ ਦੀ ਜੀ ਡੀ ਪੀ ਦਰ 6.40 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਅਰਸੇ ਦੌਰਾਨ ਆਰਥਿਕ ਗਤੀਵਿਧੀਆਂ ਨੂੰ ਬਰੇਕਾਂ ਲੱਗ ਸਕਦੀਆਂ ਹਨ।
ਅੰਕੜਾ ਦਫ਼ਤਰ ਨੇ ਕਿਹਾ ਹੈ ਕਿ ਵਿੱਤੀ ਵਰ੍ਹੇ 2023-24 ਦੇ ਜੀ ਡੀ ਪੀ ਦੇ ਅੰਤਮ ਅਨੁਮਾਨ 8.2 ਫ਼ੀਸਦੀ ਵਾਧੇ ਦੀ ਤੁਲਨਾ ਵਿੱਚ ਇਸ ਚਾਲੂ ਵਿੱਤੀ ਵਰ੍ਹੇ ਦੌਰਾਨ ਇਹ 6.4 ਫ਼ੀਸਦੀ ਰਹਿ ਸਕਦੀ ਹੈ। ਇਸ ਦਾ ਮੁੱਖ ਕਾਰਨ ਕਮਜ਼ੋਰ ਸਨਅਤੀ ਸਰਗਰਮੀਆਂ ਤੇ ਹੌਲੀ ਰਫ਼ਤਾਰ ਨਾਲ ਨਿਵੇਸ਼ ਦਾ ਵਧਣਾ ਹੈ। ਅੰਕੜਿਆਂ ਮੁਤਾਬਕ ਖੇਤੀ ਖੇਤਰ ਨੂੰ ਛੱਡ ਕੇ ਅਰਥ-ਵਿਵਸਥਾ ਦੇ ਲੱਗਭੱਗ ਸਭ ਖੇਤਰਾਂ ਵਿੱਚ ਮੰਦੀ ਦਾ ਬੋਲਬਾਲਾ ਹੈ।
ਦੇਸ਼ ਦੀ ਅਰਥ-ਵਿਵਸਥਾ ਬਾਰੇ ਨਿਵੇਸ਼ ਤੋਂ ਵੀ ਪਤਾ ਲਗਦਾ ਹੈ। ਭਾਰਤ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ ਜੋ ਪੈਸੇ ਲਏ ਸਨ, ਉਹ ਧੜਾਧੜ ਕੱਢ ਰਹੇ ਹਨ। ਵਿਦੇਸ਼ੀ ਨਿਵੇਸ਼ ਪਿਛਲੇ 12 ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਚੁੱਕਾ ਹੈ। ਸੰਨ 2024 ਵਿੱਚ ਵਿਦੇਸ਼ੀ ਨਿਵੇਸ਼ ਰਾਹੀਂ ਸਿਰਫ਼ 16000 ਕਰੋੜ ਰੁਪਏ ਆਏ ਹਨ, ਜੋ ਇਸ ਤੋਂ ਪਹਿਲੇ ਸਾਲ 1 ਲੱਖ 71 ਹਜ਼ਾਰ ਕਰੋੜ ਸੀ। ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤੀ ਸ਼ੇਅਰ ਬਜ਼ਾਰ ਨੂੰ ਲੈ ਕੇ ਸਭ ਤੋਂ ਵੱਡੀ ਚਿੰਤਾ ਸ਼ੇਅਰਾਂ ਦੀ ਕੀਮਤ ਬਾਰੇ ਹੈ। ਉਨ੍ਹਾਂ ਮੁਤਾਬਕ ਭਾਰਤੀ ਸ਼ੇਅਰ ਬਜ਼ਾਰ ਵਿੱਚ ਸ਼ੇਅਰ ਆਪਣੀ ਅਸਲੀ ਕੀਮਤ ਤੋਂ ਕਿਤੇ ਵੱਧ ਕੀਮਤ ’ਤੇ ਵਪਾਰ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਸੈਂਸੈਕਸ ਤੇ ਨਿਫਟੀ ਵਿੱਚ 11 ਫ਼ੀਸਦੀ ਤੱਕ ਗਿਰਾਵਟ ਆਈ ਹੈ, ਪਰ ਇਸ ਦੇ ਬਾਵਜੂਦ ਨਿਵੇਸ਼ਕਾਂ ਦਾ ਭਰੋਸਾ ਨਹੀਂ ਬੱਝ ਰਿਹਾ। ਵਿਦੇਸ਼ੀ ਨਿਵੇਸ਼ਕਾਂ ਦੇ ਪੈਸਾ ਕੱਢ ਲੈਣ ਦਾ ਦੂਜਾ ਕਾਰਨ ਕੰਪਨੀਆਂ ਦੇ ਕਮਜ਼ੋਰ ਨਤੀਜੇ ਹਨ। ਜੇ ਐਮ ਫਾਈਨੈਂਸ਼ਲ ਦੀ ਰਿਪੋਰਟ ਮੁਤਾਬਕ ਉਸ ਦੀ ਕਵਰੇਜ ਵਾਲੀਆਂ 157 ਕੰਪਨੀਆਂ ਦੇ ਨਤੀਜੇ ਅਨੁਮਾਨ ਤੋਂ ਘੱਟ ਆਏ ਹਨ। ਇਸ ਦੇ ਸਿੱਟੇ ਵਜੋਂ ਹੀ ਜੇਫਰੀਜ ਨੇ ਆਪਣੀਆਂ ਕਵਰੇਜ ਵਾਲੀਆਂ 63 ਫ਼ੀਸਦੀ ਕੰਪਨੀਆਂ ਦੀ ਰੇਟਿੰਗ ਘੱਟ ਕਰ ਦਿੱਤੀ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਅਕਤੂਬਰ-ਨਵੰਬਰ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ ਸਵਾ ਲੱਖ ਕਰੋੜ ਰੁਪਏ ਕੱਢ ਲਏ ਸਨ।
ਭਾਰਤ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ ਜੋ ਪੈਸਾ ਲਾਇਆ ਸੀ, ਉਹ ਤਾਂ ਕੱਢ ਕੇ ਭੱਜ ਹੀ ਰਹੇ ਹਨ, ਭਾਰਤੀ ਨਿਵੇਸ਼ਕ ਵੀ ਆਪਣੇ ਪੈਸੇ ਵਿਦੇਸ਼ਾਂ ਵਿੱਚ ਲਾ ਰਹੇ ਹਨ। ਭਲਾ ਜੇ ਪੈਸਾ ਹੀ ਨਹੀਂ ਹੋਵੇਗਾ ਤਾਂ ਅਰਥ-ਵਿਵਸਥਾ ਕਿਵੇਂ ਮਜ਼ਬੂਤ ਹੋ ਸਕਦੀ ਹੈ।
ਇਸੇ ਦੌਰਾਨ ਇੱਕ ਹੋਰ ਚਿੰਤਾਜਨਕ ਖ਼ਬਰ ਆਈ ਸੀ ਕਿ ਜਿਨ੍ਹਾਂ ਲੋਕਾਂ ਨੇ ਸੋਨਾ ਗਹਿਣੇ ਕਰਕੇ ਕਰਜ਼ਾ ਲਿਆ ਸੀ, ਉਹ ਕਰਜ਼ਾ ਨਹੀਂ ਚੁਕਾ ਸਕੇ, ਜਿਸ ਕਾਰਨ ਉਨ੍ਹਾਂ ਦਾ ਸੋਨਾ ਬੈਂਕਾਂ ਦਾ ਹੋ ਚੁੱਕਾ ਹੈ। ਇਸ ਦਾ ਮੁੱਖ ਕਾਰਨ ਲੋਕਾਂ ਦੀ ਆਮਦਨੀ ਦਾ ਘਟਣਾ ਤੇ ਖ਼ਰਚ ਦਾ ਵਧਣਾ ਹੈ। ਮਹਿੰਗਾਈ ਨੇ ਹਰ ਵਿਅਕਤੀ ਦਾ ਬਜਟ ਵਿਗਾੜ ਦਿੱਤਾ ਹੈ। ਇੱਕ ਰਿਪੋਰਟ ਮੁਤਾਬਕ ਸਿਹਤਮੰਦ ਭੋਜਨ ਦੀ ਕੀਮਤ ਅਕਤੂਬਰ 2023 ਦੇ ਮੁਕਾਬਲੇ ਅਕਤੂਬਰ 2024 ਵਿੱਚ 52 ਫ਼ੀਸਦੀ ਵਧ ਗਈ ਹੈ। ਇਸ ਵਾਧੇ ਨਾਲ ਉਂਜ ਤਾਂ ਹਰ ਵਿਅਕਤੀ ਪ੍ਰਭਾਵਤ ਹੋਇਆ ਹੈ, ਪਰ ਦਿਹਾੜੀ ਮਜ਼ਦੂਰ ਤੇ ਘੱਟ ਤਨਖ਼ਾਹਾਂ ਵਾਲਿਆਂ ਦਾ ਸਭ ਤੋਂ ਮੰਦਾ ਹਾਲ ਹੈ।
ਇਸ ਦੇ ਉਲਟ ਉੱਪਰਲਾ ਤਬਕਾ ਹੋਰ ਅਮੀਰ ਹੋ ਰਿਹਾ ਹੈ। ਇਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ 30 ਹਜ਼ਾਰ ਤੋਂ ਵੱਧ ਵਾਲੇ ਮੋਬਾਇਲ, ਮਹਿੰਗੀਆਂ ਕਾਰਾਂ ਤੇ ਐਸ਼ਪ੍ਰਸਤੀ ਦੀਆਂ ਵਸਤਾਂ ਦੀ ਵਿਕਰੀ ਵਧੀ ਹੈ। ਇਸ ਤੋਂ ਜ਼ਾਹਰ ਹੈ ਕਿ ਗਰੀਬੀ-ਅਮੀਰੀ ਦਾ ਪਾੜਾ ਹੋਰ ਵਧ ਗਿਆ ਹੈ। ਸਭ ਤੋਂ ਵੱਧ ਅਮੀਰ ਭਾਰਤ ਦੇ ਵਿਕਾਸ ਦੇ ਵੱਡੇ ਹਿੱਸੇ ਨੂੰ ਹੜੱਪ ਰਹੇ ਹਨ।
– ਚੰਦ ਫਤਿਹਪੁਰੀ