ਹੈਦਰਾਬਾਦ (ਗਿਆਨ ਸੈਦਪੁਰੀ)
ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਦੂਸਰੀ ਕੌਮੀ ਕਾਨਫਰੰਸ ਸਾਬਕਾ ਐੱਮ ਪੀ ਅਜ਼ੀਜ਼ ਪਾਸ਼ਾ ਦੀ ਸਮਾਪਤੀ ਤਕਰੀਰ ਨਾਲ ਅਤੇ ਕਈ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀ ਹੋਈ ਖਤਮ ਹੋ ਗਈ। ਪਾਸ਼ਾ ਨੇ ਕਿਹਾ ਕਿ ਉਹ ਕਾਲਜ ਸਮਿਆਂ ਤੋਂ ਹੀ ਦਲਿਤ ਸਮੱਸਿਆਵਾਂ ਨਾਲ ਜੁੜੇ ਹੋਏ ਹਨ। ਉਨ੍ਹਾ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਰਕਾਰਾਂ ਦਲਿਤ ਵਰਗ ਨਾਲ ਝੂਠੀ ਹਮਦਰਦੀ ਕਰਦੀਆਂ ਹਨ। ਉਨ੍ਹਾ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮਾਜਕ ਨਿਆਂ ਲਈ ਮਸਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਸ ਤੋਂ ਪਹਿਲਾ 12 ਡੈਲੀਗੇਟਾਂ ਵੱਲੋਂ ਹਾਊਸ ਵਿੱਚ ਪੇਸ਼ ਹੋਈ ਰਿਪੋਰਟ +’ਤੇ ਗੰਭੀਰਤਾ ਨਾਲ ਬਹਿਸ ਕੀਤੀ ਗਈ। ਵੀ ਐੱਸ ਨਿਰਮਲ ਵੱਲੋਂ ਪੇਸ਼ ਕੀਤੀ ਰਿਪੋਰਟ ’ਤੇ ਕਈ ਡੈਲੀਗੇਟਾਂ ਵੱਲੋਂ ਤਿੱਖੇ ਸਵਾਲ ਵੀ ਉਠਾਏ ਗਏ ਨਿਰਮਲ ਨੇ ਬਹਿਸ ਵਿੱਚ ਉੱਠੇ ਸਵਾਲਾਂ ਦੇ ਜਵਾਬ ਦਿੱਤੇ। ਕਾਨਫਰੰਸ ਦੇ ਅੰਤਮ ਪੜਾਅ ’ਤੇ ਇੱਕ ਦੁਖਦਾਈ ਘਟਨਾ ਵਾਪਰ ਗਈ। ਕੇਰਲ ਤੋਂ ਡੈਲੀਗੇਟ ਟੀ ਆਰ ਬੀਜੂ ਚਲਦੀ ਬਹਿਸ ਸਮੇਂ ਬੇਹੋਸ਼ ਹੋ ਕੇ ਡਿੱਗ ਪਏ। ਉਨ੍ਹਾ ਨੂੰ ਫੌਰਨ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾ ਨੂੰ ਮਿ੍ਰਤਕ ਐਲਾਨ ਦਿੱਤਾ। ਮੌਤ ਦੀ ਸੂਚਨਾ ਮਿਲਣ ’ਤੇ ਹਾਊਸ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਕਿਰਡੈਂਸ਼ਲ ਕਮੇਟੀ ਦੀ ਰਿਪੋਰਟ ਪੇਸ਼ ਹੋਈ। ਰਿਪੋਰਟ ਅਨੁਸਾਰ 12 ਰਾਜਾਂ ਦੇ 256 ਡੈਲੀਗੇਟਾਂ ਨੇ ਨੈਸ਼ਨਲ ਕਾਨਫਰੰਸ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚ ਪੰਜ ਡੈਲੀਗੇਟਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਪੀ ਐੱਚ ਡੀ ਕੀਤੀ ਹੋਈ ਹੈ। 16 ਨੇ ਐੱਮ ਏ, 59 ਨੇ ਬੀ ਏ ਤੇ ਤਿੰਨ ਵਕੀਲ ਵੀ ਹਨ। ਸਭ ਤੋਂ ਵਡੇਰੀ ਉਮਰ ਦੇ ਪ੍ਰੀਤਮ ਸਿੰਘ ਨਿਆਮਤਪੁਰ ਹੈ, ਜਿਨ੍ਹਾ ਦੀ ਉਮਰ 83 ਸਾਲ ਹੈ। ਸਭ ਤੋਂ ਘੱਟ ਉਮਰ ਦੀ ਡੈਲੀਗੇਟ ਤਿੰਲਗਾਨਾ ਦੀ ਹੈ, ਜਿਸ ਦੀ ਉਮਰ 28 ਸਾਲ ਹੈ ਤੇ ਉਸ ਦਾ ਨਾਂਅ ਲਵਾਨਿਆ ਹੈ। ਕਰਨਾਟਕ ਤੋਂ ਇੱਕ ‘ਦੇਵ ਦਾਸੀ’ ਵੀ ਡੈਲੀਗੇਟ ਵਜੋਂ ਕਾਨਫਰੰਸ ਵਿੱਚ ਸ਼ਾਮਲ ਹੋਈ। ਆਖ਼ੀਰ ਵਿੱਚ ਨਵੀਂ ਕੌਂਸਲ ਚੁਣੀ ਗਈ। ਇਸ ਵਿੱਚ ਪੰਜਾਬ ਤੋਂ ਦੇਵੀ ਕੁਮਾਰੀ ਸਰਹਾਲੀ ਕਲਾਂ, ਨਾਨਕ ਚੰਦੀ ਲੰਬੀ ਤੇ ਗਿਆਨ ਸਿੰਘ ਸੈਦਪੁਰੀ ਵੀ ਸ਼ਾਮਲ ਹਨ। ਇਸ ਮੌਕੇ ਵੀ ਐੱਸ ਨਿਰਮਲ ਤੇ ਰਾਮਾਮੂਰਤੀ ਮੁੜ ਜਨਰਲ ਸਕੱਤਰ ਤੇ ਪ੍ਰਧਾਨ ਚੁਣੇ ਗਏ। ਤਾਮਿਲਨਾਡੂ ਦੇ ਡੀ. ਲੈਨਿਨ ਸਕੱਤਰ, ਦੇਵੀ ਕੁਮਾਰੀ ਸਰਹਾਲੀ ਕਲਾਂ ਵਿੱਤ ਸਕੱਤਰ, ਆਂਧਰਾ ਪ੍ਰਦੇਸ਼ ਦੇ ਕਰਵੜੀ ਸੁਬਾ ਰਾਓ ਉੱਪ ਪ੍ਰਧਾਨ, ਤਿਲੰਗਾਨਾ ਦੇ ਅਨਿਲ ਕੁਮਾਰ ਸਕੱਤਰ, ਕੇਰਲਾ ਦੇ ਮਨੋਜ ਮੀਤ ਪ੍ਰਧਾਨ, ਕੇਂਦਰ ਵੱਲੋਂ ਕੌਂਸਲ ਮੈਂਬਰ ਜਾਨਕੀ ਪਾਸਵਾਨ ਨੂੰ ਮੀਤ ਪ੍ਰਧਾਨ ਤੇ ਗੁਲਜ਼ਾਰ ਸਿੰਘ ਗੋਰੀਆ ਕੌਂਸਲ ਮੈਂਬਰ ਬਣੇ।
ਨਵੀਂ ਚੁਣੀ ਕੌਂਸਲ ਅਤੇ ਅਹੁਦੇਦਾਰਾਂ ਨੂੰ ਸਾਬਕਾ ਮੈਂਬਰ ਪਾਰਲੀਮੈਂਟ ਅਜ਼ੀਜ਼ ਪਾਸ਼ਾ ਨੇ ਮੁਬਾਰਕਾਂ ਦਿੱਤੀਆਂ। ਉਨ੍ਹਾ ਕਿਹਾ ਕਿ ਸਫਲ ਕਾਨਫਰੰਸ ਲਈ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਆਗੂ ਟੀਮ ਅਤੇ ਖ਼ਾਸ ਤੌਰ ’ਤੇ ਤਿਲੰਗਾਨਾ ਦੀ ਇਕਾਈ ਵੀ ਵਧਾਈ ਦੀ ਹੱਕਦਾਰ ਹੈ।