10.3 C
Jalandhar
Wednesday, January 22, 2025
spot_img

ਤਨਖਾਹ ਤੇ ਪੈਨਸ਼ਨ ਨਾ ਮਿਲਣ ’ਤੇ ਪੀ ਆਰ ਟੀ ਸੀ ਕਾਮਿਆਂ ਦਾ 14 ਨੂੰ ਰੋਸ ਮਾਰਚ

ਪਟਿਆਲਾ : ਇੱਥੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਸ਼ੁੁੱਕਰਵਾਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਦੀ ਕਨਵੀਨਰਸ਼ਿਪ ਹੇਠ ਹੋਈ, ਜਿਸ ਵਿੱਚ ਐਕਸ਼ਨ ਕਮੇਟੀ ਦੇ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਮਨਜਿੰਦਰ ਕੁਮਾਰ, ਬੱਬੂ ਸ਼ਰਮਾ, ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਮੁਹੰਮਦ ਖਲੀਲ ਹਾਜ਼ਰ ਸਨ। ਐਕਸ਼ਨ ਕਮੇਟੀ ਨੇ ਤਨਖਾਹਾਂ-ਪੈਨਸ਼ਨਾਂ ਅਤੇ ਵਰਕਰਾਂ ਦੇ ਬਕਾਇਆਂ ਦੀ ਅਦਾਇਗੀ ਨਾ ਹੋਣ ਕਾਰਨ ਕਰਮਚਾਰੀਆਂ ਵਿੱਚ ਪਾਏ ਜਾ ਰਹੇ ਵਿਆਪਕ ਰੋਸ ਦੇ ਸੰਦਰਭ ਵਿੱਚ ਵਿਚਾਰ-ਵਟਾਂਦਰਾ ਕੀਤਾ ਅਤੇ ਫੈਸਲਾ ਕੀਤਾ ਕਿ 10 ਜਨਵਰੀ ਤੱਕ ਵੀ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਨਾ ਕੀਤੀ ਜਾਣੀ ਅਤੇ ਅਗਲੇ ਕੁੱਝ ਹੋਰ ਦਿਨਾਂ ਤੱਕ ਵੀ ਸੰਭਾਵਨਾ ਨਜ਼ਰ ਨਾ ਆ ਰਹੀ ਹੋਵੇ ਤਾਂ ਵਰਕਰਾਂ ਕੋਲ ਸਖਤ ਰੋਸ ਪ੍ਰਗਟ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ, ਜਿਸ ਕਰਕੇ 14 ਜਨਵਰੀ ਨੂੰ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਪਟਿਆਲਾ ਵਿਖੇ ਬਜ਼ਾਰਾਂ ਵਿੱਚ ਬੈਨਰ ਅਤੇ ਨਾਅਰਿਆਂ ਦੀਆਂ ਤਖਤੀਆਂ ਲੈ ਕੇ ਜਲੂਸ ਕੱਢਿਆ ਜਾਵੇਗਾ। ਪੰਜਾਬ ਸਰਕਾਰ ਪੀ.ਆਰ.ਟੀ.ਸੀ. ਨੂੰ ਮੁਫ਼ਤ ਸਫਰ ਸਹੂਲਤਾਂ ਬਦਲੇ ਬਣਦੀ 500 ਕਰੋੜ ਤੋਂ ਵੱਧ ਦੀ ਰਕਮ ਵਿੱਚੋਂ ਤਨਖਾਹ-ਪੈਨਸ਼ਨ ਦਾ ਭੁਗਤਾਨ ਕਰਨ ਜੋਗੇ 30-40 ਕਰੋੜ ਰੁਪਏ ਦੀ ਅਦਾਇਗੀ ਵੀ ਨਹੀਂ ਕਰ ਰਹੀ। ਪਦਵੀਆਂ ਦੀ ਤਾਕਤ ਦੇ ਅੰਨੇ੍ਹ ਨਸ਼ੇ ਵਿੱਚ ਅਤੇ ਗੈਰ ਸੰਵੇਦਨਸ਼ੀਲ ਰਵੱਈਏ ਕਾਰਨ ਜਾਣ-ਬੁੱਝ ਕੇ ਬੇਲੋੜੇ ਇਤਰਾਜ਼ਾਂ ਦਾ ਬਹਾਨਾ ਬਣਾ ਕੇ ਅਦਾਇਗੀ ਰੋਕ ਲਈ ਜਾਂਦੀ ਹੈ। ਇਸ ਤਰ੍ਹਾਂ ਕਰਨਾ ਸਰਕਾਰ ਦਾ ਅਣਮਨੁੱਖੀ ਅਤੇ ਗੈਰ ਜ਼ਿੰਮੇਵਾਰਾਨਾ ਵਤੀਰਾ ਵੇਤਨ ਭੋਗੀ ਕਰਮਚਾਰੀਆਂ ਵਿਰੁੱਧ ਕਿਸੇ ਕਿਸਮ ਦੇ ਜ਼ੁਲਮ ਤੋਂ ਘੱਟ ਨਹੀਂ ਹੈ।
ਐਕਸ਼ਨ ਕਮੇਟੀ ਨੇ ਕੁੱਝ ਹੋਰ ਮਸਲਿਅਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੇ ਕੰਟਰੈਕਟ ਅਤੇ ਆਊਟ ਸੋਰਸ ਵਰਕਰਾਂ ਦੀ ਡੇਢ ਦਹਾਕੇ ਤੋਂ ਕੀਤੀ ਜਾ ਰਹੀ ਆਰਥਿਕ ਲੁੱਟ ਨੂੰ ਬਿਨਾਂ ਦੇਰੀ ਖਤਮ ਕਰੇ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪਾਲਸੀ ਵਾਅਦੇ ਮੁਤਾਬਕ ਤੁਰੰਤ ਬਣਾ ਕੇ ਅਮਲ ਵਿੱਚ ਲਿਆਂਦੀ ਜਾਵੇ, ਐਕਸ਼ਨ ਕਮੇਟੀ ਨੇ ਕੰਟਰੈਕਟ ਵਰਕਰਾਂ ਨੂੰ ਯਕੀਨ ਦਿਵਾਇਆ ਕਿ ਐਕਸ਼ਨ ਕਮੇਟੀ ਆਪਣੇ ਪੱਧਰ ’ਤੇ ਇਸ ਮੰਗ ਨੂੰ ਲਗਾਤਾਰ ਲੈ ਕੇ ਚੱਲ ਰਹੀ ਹੈ। ਐਕਸ਼ਨ ਕਮੇਟੀ ਨੇ ਪੀ.ਆਰ.ਟੀ.ਸੀ. ਮੈਨੇਜਮੈਂਟ ਨੂੰ ਔਰਤਾਂ ਦੀ ਮੁਫ਼ਤ ਸਫਰ ਵਾਲੀ ਟਿਕਟ ਕੱਟਣ ਲਈ ਆਧਾਰ ਕਾਰਡ ਦੇ ਚਾਰ ਅੱਖਰਾਂ ਦੀ ਬਜਾਏ ਅੱਠ ਅੱਖਰ ਦਰਜ ਕਰਕੇ ਟਿਕਟ ਕੱਟਣ ਦੀ ਮੁਸ਼ਕਲ ਦਾ ਤੁਰੰਤ ਕੋਈ ਸਾਰਥਿਕ ਹੱਲ ਕੱਢੇ ਕਿਉਕਿ ਇਸ ਤਰ੍ਹਾਂ ਟਿਕਟਾਂ ਕੱਟਣ ਵਿੱਚ ਦੁੱਗਣਾ ਸਮਾਂ ਲੱਗ ਰਿਹਾ ਹੈ। ਸਥਾਈ ਸਹੀ ਹੱਲ ਕੱਢਣ ਤੱਕ ਇਹ ਹੁਕਮ ਵਾਪਸ ਲਏ ਜਾਣ।

Related Articles

Latest Articles