10.3 C
Jalandhar
Wednesday, January 22, 2025
spot_img

23 ਸਕੂਲਾਂ ਨੂੰ ਧਮਕਾਉਣ ਵਾਲਾ ਵਿਦਿਆਰਥੀ ਹਿਰਾਸਤ ’ਚ

ਨਵੀਂ ਦਿੱਲੀ : 23 ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਦਿੱਲੀ ਤੋਂ ਹਿਰਾਸਤ ’ਚ ਲਿਆ ਗਿਆ ਹੈ। ਨਾਬਾਲਗ ਦੀ ਨਜ਼ਰਬੰਦੀ ਬੰਬ ਦੀਆਂ ਧਮਕੀਆਂ ਦੀ ਪੁਲਸ ਜਾਂਚ ਦੌਰਾਨ ਅਪਰਾਧ ’ਚ ਉਸ ਦੀ ਭੂਮਿਕਾ ਦਾ ਪਤਾ ਲੱਗਣ ਤੋਂ ਬਾਅਦ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਇਮਤਿਹਾਨ ਨਹੀਂ ਦੇਣਾ ਚਾਹੁੰਦਾ ਸੀ। ਮੁੰਡੇ ਨੇ ਆਪਣੇ ਵਿਦਿਅਕ ਅਦਾਰੇ ਨੂੰ ਛੱਡ ਕੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਈਮੇਲ ਭੇਜੀਆਂ। ਪਿਛਲੇ ਕੁਝ ਹਫਤਿਆਂ ’ਚ ਬੰਬ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ ਸੀ, ਜਿਸ ਨੇ ਪੁਲਸ ਨੂੰ ਪਰੇਸ਼ਾਨ ਕਰ ਦਿੱਤਾ ਸੀ। ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਥੇ ਦਾ ਮਾਹੌਲ ਤਨਾਅਪੂਰਨ ਹੋ ਜਾਂਦਾ ਸੀ। ਧਮਕੀਆਂ ਦੇ ਮੱਦੇਨਜ਼ਰ ਪੁਲਸ ਅਤੇ ਸਿੱਖਿਆ ਵਿਭਾਗ ਨੇ ਸਕੂਲ ਅਧਿਆਪਕਾਂ ਲਈ ਸੈਮੀਨਾਰ ਕਰਵਾਇਆ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਵੀ ਦਿੱਤੀ। ਪਿਛਲੇ ਸਾਲ 20 ਦਸੰਬਰ ਨੂੰ ਦਵਾਰਕਾ ਦੇ ਦਿੱਲੀ ਪਬਲਿਕ ਸਕੂਲ (ਡੀ ਪੀ ਐੱਸ) ’ਚ ਬੰਬ ਦੀ ਧਮਕੀ ਦਿੱਤੀ ਗਈ ਸੀ। 11 ਦਸੰਬਰ ਨੂੰ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਫਿਰੌਤੀ ਦੀ ਮੰਗ ਕਰਨ ਵਾਲੀਆਂ ਅਜਿਹੀਆਂ ਧਮਕੀਆਂ ਮਿਲੀਆਂ ਸਨ, ਹਾਲਾਂਕਿ ਕਿਸੇ ਵੀ ਮਾਮਲੇ ’ਚ ਕੋਈ ਵਿਸਫੋਟਕ ਨਹੀਂ ਮਿਲਿਆ ਸੀ। ਇਸੇ ਮਹੀਨੇ ਦੱਖਣੀ ਦਿੱਲੀ ਦੇ ਇੰਡੀਅਨ ਪਬਲਿਕ ਸਕੂਲ ਅਤੇ ਉੱਤਰੀ-ਪੱਛਮੀ ਦਿੱਲੀ ਦੇ ਕ੍ਰੈਸੈਂਟ ਪਬਲਿਕ ਸਕੂਲ ਨੂੰ ਵੀ ਬੰਬ ਦੀ ਧਮਕੀ ਮਿਲੀ ਸੀ, ਜਿਸ ਕਾਰਨ ਦਹਿਸ਼ਤ ਫੈਲ ਗਈ ਸੀ।

Related Articles

Latest Articles