ਤਰਨ ਤਾਰਨ (ਪਿ੍ਰਤਪਾਲ ਸਿੰਘ)
ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਦੇ ਘਰ ਉੱਪਰ ਗੋਲੀਆਂ ਖੁਦ ਕੁੱਕੂ ਨੇ ਚਲਾਈਆਂ ਸਨ। ਜਾਂਚ ਤੋਂ ਬਾਅਦ ਪੁਲਸ ਨੇ ਕੁੱਕੂ ਦੇ ਨਾਲ-ਨਾਲ ਸ਼ਹਿਰੀ ਪ੍ਰਧਾਨ ਨੂੰ ਵੀ ਗਿ੍ਰਫਤਾਰ ਕਰ ਲਿਆ ਹੈ। ਐੱਸ ਐੱਸ ਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਕੁੱਕੂ ਨੇ 9 ਜਨਵਰੀ ਦੀ ਸਵੇਰ ਕਰੀਬ ਸਾਢੇ 4 ਵਜੇ ਆਪਣੇ ਘਰ ਉੱਪਰ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦੀ ਸ਼ਿਕਾਇਤ ਕੀਤੀ ਸੀ। ਦਰਅਸਲ ਕੁੱਕੂ ਨੇ ਸੁਰੱਖਿਆ ਵਧਾਉਣ ਲਈ ਆਪ ਹੀ ਸ਼ਹਿਰੀ ਪ੍ਰਧਾਨ ਅਵਨਜੀਤ ਸਿੰਘ ਦੇ ਰਿਵਾਲਵਰ ਨਾਲ ਆਪਣੇ ਘਰ ਉੱਪਰ ਗੋਲੀਆਂ ਚਲਾਈਆਂ ਸਨ।
ਐੱਸ ਐੱਸ ਪੀ ਨੇ ਦੱਸਿਆ ਕਿ ਝਾਈ ਵਾਲੀ ਖਾਲਸਪੁਰ ਰੋਡ ਮੁਹੱਲਾ ਰਾਮ ਨਗਰ ਇਲਾਕੇ ’ਚ ਸੀ ਸੀ ਟੀ ਵੀ ਫੁਟੇਜ਼ ਵਿੱਚ ਕਿਸੇ ਵੀ ਵਿਅਕਤੀ ਦਾ ਗਲੀ ਵਿੱਚ ਆਉਣਾ-ਜਾਣਾ ਦਿਖਾਈ ਨਹੀ ਦਿੱਤਾ। ਰਿਕਾਰਡਿੰਗ ਚੈੱਕ ਕਰਨ ਤੋਂ ਪਤਾ ਲੱਗਾ ਕਿ ਕੁੱਕੂ ਆਪਣੇ ਘਰ ਦੇ ਲੱਕੜ ਵਾਲੇ ਦਰਵਾਜ਼ੇ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਆਪਣੇ ਘਰ ਦੇ ਲੋਹੇ ਵਾਲੇ ਦਰਵਾਜ਼ੇ ਉੱਪਰ ਦੋ ਫਾਇਰ ਕਰਕੇ ਫਿਰ ਉਸੇ ਦਰਵਾਜ਼ੇ ਰਾਹੀਂ ਘਰ ਵਿੱਚ ਵੜ ਜਾਂਦਾ ਹੈ।
ਦੋਵਾਂ ਫਾਇਰਾਂ ਦੀ ਅਵਾਜ਼ ਵੀ ਸੀ ਸੀ ਟੀ ਵੀ ਵਿੱਚ ਰਿਕਾਰਡ ਹੋਈ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕੁੱਕੂ ਨੇ ਆਪਣੀ ਪੁਲਸ ਸਕਿਉਰਟੀ ਵਧਾਉਣ ਦੀ ਖਾਤਰ ਮਨਘੜਤ ਕਹਾਣੀ ਬਣਾ ਕੇ ਪੁਲਸ ਨੂੰ ਝੂਠੀ ਇਤਲਾਹ ਦੇ ਕੇ ਗੁੰਮਰਾਹ ਕੀਤਾ।
ਪੁੱਛ-ਗਿੱਛ ਦੌਰਾਨ ਕੁੱਕੂ ਨੇ ਮੰਨਿਆ ਕਿ ਉਸ ਨੇ ਅਵਨਜੀਤ ਸਿੰਘ ਬੇਦੀ ਦਾ ਪਿਸਤੌਲ ਵਰਤਿਆ ਸੀ।