ਜਲੰਧਰ (ਸ਼ੈਲੀ ਐਲਬਰਟ) -ਜਲੰਧਰ ਦੇ ਵਾਰਡ ਨੰਬਰ 62 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਵਨੀਤ ਧੀਰ ਸ਼ਨੀਵਾਰ ਨਗਰ ਨਿਗਮ ਦੇ ਨਵੇਂ ਮੇਅਰ ਚੁਣੇ ਗਏ। ਬਲਬੀਰ ਸਿੰਘ ਬਿੱਟੂ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਲੰਧਰ ਦੇ ਵਿਕਾਸ ਲਈ ਵਚਨਬੱਧ ਹੈ। ਸ਼ਹਿਰ ਦਾ ਵਿਕਾਸ ਅਤੇ ਆਧੁਨਿਕੀਕਰਨ ਸਾਡੀ ਤਰਜੀਹ ਹੈ।
ਤਿੰਨਾਂ ਨਾਵਾਂ ਦਾ ਐਲਾਨ ਹੁੰਦੇ ਹੀ ‘ਆਪ’ ਆਗੂਆਂ ਤੇ ਵਰਕਰਾਂ ਨੇ ਰੈੱਡ ਕਰਾਸ ਭਵਨ ਦੇ ਬਾਹਰ ਢੋਲ ਵਜਾ ਕੇ ਨਵੇਂ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ।
‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵੀ ਤਿੰਨਾਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਨਾਲ ਜਲੰਧਰ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਕੰਮ ਕਰਨ ਨੂੰ ਪਹਿਲ ਦਿੱਤੀ ਹੈ। ਹੁਣ ਜਲੰਧਰ ਵਿਕਾਸ ਦਾ ਨਵਾਂ ਅਧਿਆਏ ਲਿਖੇਗਾ।ਅਮਨ ਅਰੋੜਾ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਹੈ, ਜਿਸ ਕਾਰਨ ਅੱਜ ਪੂਰੇ ਬਹੁਮਤ ਨਾਲ ਜਲੰਧਰ ’ਚ ਆਪ ਦਾ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਬਣ ਸਕਿਆ।ਉਨ੍ਹਾ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।