ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਰਿਜਨਲ ਟਰਾਂਸਪੋਰਟ ਅਥਾਰਟੀ (ਆਰ ਟੀ ਏ) ਦਫਤਰ ਸੰਗਰੂਰ ‘ਚ ਵੱਡੇ ਘਪਲੇ ਦਾ ਪਰਦਾ ਫਾਸ਼ ਕਰਦਿਆਂ ਆਰ ਟੀ ਏ, ਮੋਟਰ ਵਹੀਕਲ ਇੰਸਪੈਕਟਰ (ਐੱਮ ਵੀ ਆਈ), ਦੋ ਕਲਰਕਾਂ, ਦੋ ਵਿਚੋਲਿਆਂ ਅਤੇ ਪ੍ਰਾਈਵੇਟ ਏਜੰਟਾਂ ਦੇ ਖਿਲਾਫ ਫੌਜਦਾਰੀ ਮਾਮਲਾ ਦਰਜ ਕੀਤਾ ਹੈ | ਵਿਜੀਲੈਂਸ ਨੇ ਦੋ ਮੁਲਾਜ਼ਮਾਂ ਅਤੇ ਵਿਚੋਲੇ ਨੂੰ ਗਿ੍ਫਤਾਰ ਵੀ ਕਰ ਲਿਆ ਹੈ | ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਅਧਿਕਾਰੀ ਤੇ ਮੁਲਾਜ਼ਮ ਵੱਖ-ਵੱਖ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਬਦਲੇ ਏਜੰਟਾਂ ਤੋਂ ਕਥਿਤ ਤੌਰ ‘ਤੇ ਰਿਸ਼ਵਤ ਲੈਂਦੇ ਸਨ | ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਨੁਸਾਰ ਸਾਰੇ ਵਪਾਰਕ ਵਾਹਨਾਂ ਨੂੰ ਸੜਕਾਂ ‘ਤੇ ਚੱਲਣ ਲਈ ਆਰ ਟੀ ਏ ਦਫਤਰ ਤੋਂ ਫਿਟਨੈੱਸ ਸਰਟੀਫਿਕੇਟ ਲੈਣਾ ਪੈਂਦਾ ਹੈ ਅਤੇ ਅਜਿਹੇ ਸਾਰੇ ਵਾਹਨਾਂ ਦਾ ਦਸਤਾਵੇਜ਼ਾਂ ਸਮੇਤ ਐੱਮ ਵੀ ਆਈ ਨੇ ਆਪਣੇ ਦਫਤਰ ਵਿਖੇ ਮੌਕੇ ‘ਤੇ ਨਿਰੀਖਣ ਕਰਨਾ ਹੁੰਦਾ ਹੈ | ਅਧਿਕਾਰੀ ਏਜੰਟਾਂ ਅਤੇ ਵਿਚੋਲਿਆਂ ਦੀ ਕਥਿਤ ਮਿਲੀਭੁਗਤ ਨਾਲ ਵਾਹਨਾਂ ਦੀ ਮੌਕੇ ‘ਤੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੇ ਬਿਨਾਂ ਵਾਹਨ ਦੇ ਮਾਡਲ ਦੇ ਹਿਸਾਬ ਨਾਲ 2800 ਰੁਪਏ ਤੋਂ ਲੈ ਕੇ 10000 ਰੁਪਏ ਪ੍ਰਤੀ ਵਾਹਨ ਕਥਿਤ ਰਿਸ਼ਵਤ ਦੇ ਬਦਲੇ ਫਿਟਨੈੱਸ ਸਰਟੀਫਿਕੇਟ ਜਾਰੀ ਕਰਦੇ ਆ ਰਹੇ ਹਨ | ਆਰ ਟੀ ਏ ਅਤੇ ਐੱਮ ਵੀ ਆਈ ਵੱਲੋਂ ਨਿਰਧਾਰਤ ਸਥਾਨ ‘ਤੇ ਵਾਹਨ ਖੜ੍ਹੇ ਕਰਵਾਉਣ ਦੀ ਥਾਂ ਅਤੇ ਉਨ੍ਹਾਂ ਦੀ ਮੌਕੇ ‘ਤੇ ਜਾਂਚ ਕੀਤੇ ਬਿਨਾਂ ਹੀ ਦਸਤਾਵੇਜ਼ਾਂ ਦੇ ਆਧਾਰ ‘ਤੇ ਵਾਹਨਾਂ ਨੂੰ ਪਾਸ ਕੀਤਾ ਜਾ ਰਿਹਾ ਸੀ | ਇਸ ਮਾਮਲੇ ‘ਚ ਵਿਜੀਲੈਂਸ ਬਿਊਰੋ ਨੇ ਮੌਕੇ ‘ਤੇ ਹੀ ਧਰਮਿੰਦਰ ਪਾਲ ਉਰਫ ਬੰਟੀ (ਏਜੰਟ) ਵਾਸੀ ਸੰਗਰੂਰ, ਕਲਰਕ ਗੁਰਚਰਨ ਸਿੰਘ ਅਤੇ ਡਾਟਾ ਐਂਟਰੀ ਅਪਰੇਟਰ ਜਗਸੀਰ ਸਿੰਘ ਨੂੰ ਕਾਬੂ ਕਰਨ ਤੋਂ ਇਲਾਵਾ ਕਰੀਬ 40 ਹਜ਼ਾਰ ਰੁਪਏ ਕਥਿਤ ਰਿਸ਼ਵਤ ਦੀ ਰਾਸ਼ੀ ਅਤੇ ਸੰਬੰਧਤ ਕਈ ਦਸਤਾਵੇਜ਼ ਵੀ ਜ਼ਬਤ ਕਰ ਲਏ | ਆਰ ਟੀ ਏ ਰਵਿੰਦਰ ਸਿੰਘ ਗਿੱਲ, ਐੱਮ ਵੀ ਆਈ ਮਹਿੰਦਰ ਪਾਲ, ਕਲਰਕ ਗੁਰਚਰਨ ਸਿੰਘ, ਡਾਟਾ ਐਂਟਰੀ ਅਪਰੇਟਰ ਜਗਸੀਰ ਸਿੰਘ, ਧਰਮਿੰਦਰ ਪਾਲ ਉਰਫ ਬੰਟੀ ਤੇ ਸੁਖਵਿੰਦਰ ਸੁੱਖੀ ਦੋਵੇਂ ਵਿਚੋਲੇ ਅਤੇ ਹੋਰ ਪ੍ਰਾਈਵੇਟ ਏਜੰਟਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ‘ਚ ਕੇਸ ਦਰਜ ਕੀਤਾ ਗਿਆ ਹੈ |
ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਗੋਰਖਧੰਦਾ 7-8 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਹਰ ਮਹੀਨੇ 2000-2500 ਤੋਂ ਵੱਧ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਸਨ, ਜਦਕਿ ਕਿ ਇਕ ਵਿਅਕਤੀ ਵੱਲੋਂ ਏਨੇ ਸਮੇਂ ‘ਚ ਏਨੀ ਵੱਡੀ ਗਿਣਤੀ ‘ਚ ਵਾਹਨਾਂ ਦਾ ਮੌਕੇ ‘ਤੇ ਮੁਆਇਨਾ ਕਰਨਾ ਸੰਭਵ ਨਹੀਂ ਹੈ | ਇਸ ਸਮੇਂ ਦੌਰਾਨ ਹਰ ਮਹੀਨੇ ਅੰਦਾਜ਼ਨ 35-40 ਲੱਖ ਰੁਪਏ ਦੀ ਕਥਿਤ ਰਿਸ਼ਵਤ ਦੀ ਰਕਮ ਹਾਸਲ ਕੀਤੀ ਗਈ, ਜਿਸ ਨਾਲ ਇਹ ਮਾਮਲਾ ਕਰੋੜਾਂ ਰੁਪਏ ਵਿਚ ਜਾ ਸਕਦਾ ਹੈ |




