ਸ਼ਿਵਪੁਰੀ : ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦੇ ਰਿਸ਼ਤੇਦਾਰ ਤੇ ਭਾਜਪਾ ਆਗੂ ਪ੍ਰੀਤਮ ਲੋਧੀ ਨੇ ਪਿਛਲੇ ਦਿਨੀਂ ਵੀਰਾਂਗਣਾ ਰਾਣੀ ਅਵੰਤੀ ਬਾਈ ਲੋਧੀ ਦੀ 191ਵੀਂ ਜੈਅੰਤੀ ‘ਤੇ ਸ਼ਿਵਪੁਰੀ ਜ਼ਿਲ੍ਹੇ ਦੇ ਬਦਰਵਾਸ ਦੇ ਪਿੰਡ ਖਰੈਹ ‘ਚ ਇਕ ਸਨਮਾਨ ਸਮਾਰੋਹ ਵਿਚ ਕਿਹਾ—ਕਥਾਵਾਚਕ ਸਣੇ ਪੰਡਤ ਤੁਹਾਨੂੰ ਨਰਾਤਿਆਂ ਦੇ 9 ਦਿਨ ਰੋਜ਼ਾਨਾ 7-8 ਘੰਟੇ ਤੱਕ ਪਾਗਲ ਬਣਾਉਂਦੇ ਹਨ | ਕਹਿੰਦੇ ਹਨ ਕਿ ਜੇ ਤੁਸੀਂ ਦਾਨ ਕਰੋਗੇ ਤਾਂ ਭਗਵਾਨ ਤੁਹਾਨੂੰ ਦੇਵੇਗਾ | ਮਹਿਲਾਵਾਂ ਇਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੀਆਂ ਹਨ ਅਤੇ ਦੁੱਧ, ਘਿਓ ਤੇ ਦਹੀਂ ਆਪਣੇ ਬੱਚਿਆਂ ਨੂੰ ਖੁਆਉਣ ਦੀ ਥਾਂ ਇਨ੍ਹਾਂ ਨੂੰ ਦੇ ਦਿੰਦੀਆਂ ਹਨ | ਬ੍ਰਾਹਮਣ 9 ਦਿਨਾਂ ਤੱਕ ਤੁਹਾਨੂੰ ਉੱਲੂ ਬਣਾਉਣ ਤੇ ਗੱਲਾਂ ਕਰਨ ਦੇ ਤੁਹਾਡੇ ਤੋਂ 25 ਤੋਂ 50 ਹਜ਼ਾਰ ਰੁਪਏ ਵੀ ਲੈਂਦਾ ਹੈ | ਏਨਾ ਹੀ ਨਹੀਂ ਇਹ ਲੋਕ ਸੋਹਣੀਆਂ ਬੀਬੀਆਂ ਦੇ ਘਰ ਦੀ ਚੋਣ ਕਰਦੇ ਹਨ | ਉਨ੍ਹਾਂ ਦੇ ਘਰ ਜਾ ਕੇ ਕਹਿੰਦੇ ਹਨ, ਮਹਾਰਾਜ ਅੱਜ ਸ਼ਾਮ ਦਾ ਭੋਜਨ ਇਥੇ ਹੀ ਕਰਨਗੇ, ਪਰ ਇਨ੍ਹਾਂ ਦੀ ਨਜ਼ਰ ਕਿਤੇ ਹੋਰ ਹੁੰਦੀ ਹੈ | ਕਥਾ ਦੌਰਾਨ ਇਹ ਕਹਿੰਦੇ ਹਨ ਕਿ 20 ਤੋਂ 30 ਸਾਲ ਦੀਆਂ ਬੀਬੀਆਂ ਅੱਗੇ ਬੈਠ ਜਾਣ | 30 ਤੋਂ 45 ਸਾਲ ਦੀਆਂ ਬੀਬੀਆਂ ਵਿਚਾਲੇ ਅਤੇ ਬਜ਼ੁਰਗ ਬੀਬੀਆਂ ਪਿੱਛੇ ਬੈਠ ਜਾਣ | ਇਸ ਦੇ ਬਾਅਦ ਇਹ ਗਾਣੇ ਗਾ ਕੇ ਉਨ੍ਹਾਂ ਨੂੰ ਨਚਵਾਉਂਦੇ ਹਨ ਅਤੇ ਖੁਦ ਉੱਪਰ ਬੈਠੇ ਆਨੰਦ ਲੈਂਦੇ ਹਨ | ਆਪੋਜ਼ੀਸ਼ਨ ਕਾਂਗਰਸ ਦੇ ਆਗੂ ਡਾ. ਗੋਵਿੰਦ ਸਿੰਘ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਮੰਗ ਕੀਤੀ ਹੈ ਕਿ ਉਹ ਪ੍ਰੀਤਮ ਲੋਧੀ ‘ਤੇ ਰਾਸ਼ਟਰਧ੍ਰੋਹ ਦਾ ਕੇਸ ਦਰਜ ਕਰਨ, ਕਿਉਂਕਿ ਉਨ੍ਹਾ ਸਮਾਜ ਵਿਚ ਭੇਦਭਾਵ ਪੈਦਾ ਕਰਨ ਤੇ ਜਾਤੀ ਵਿਸ਼ੇਸ਼ ਨੂੰ ਅਪਮਾਨਤ ਕਰਨ ਦਾ ਕੰਮ ਕੀਤਾ ਹੈ | ਭਾਜਪਾ ਦੇ ਆਗੂਆਂ ਤੇ ਬ੍ਰਾਹਮਣ ਸਮਾਜ ਦੇ ਆਗੂਆਂ ਨੇ ਵੀ ਉਨ੍ਹਾ ਦੀ ਨਿੰਦਾ ਕੀਤੀ ਹੈ | ਸ਼ਿਵਪੁਰੀ ਵਿਚ ਉਨ੍ਹਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ | ਇਸੇ ਦੌਰਾਨ ਪ੍ਰੀਤਮ ਲੋਧੀ ਨੇ ਕਿਹਾ ਕਿ ਉਨ੍ਹਾ ਇਹ ਗੱਲਾਂ ਮਿਰਚੀ ਬਾਬਾ, ਆਸਾ ਰਾਮ ਤੇ ਰਾਮ ਰਹੀਮ ਵਰਗੇ ਬਾਬਿਆਂ ਦੇ ਸੰਬੰਧ ਵਿਚ ਕਹੀਆਂ ਸਨ | ਉਨ੍ਹਾ ਦੀ ਵੀਡੀਓ ਤੋੜ-ਮਰੋੜ ਕੇ ਬਣਾਈ ਗਈ | ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ, ਉਹ ਉਨ੍ਹਾਂ ਦੇ ਖਿਲਾਫ ਚੋਣ ਲੜਦੇ ਆ ਰਹੇ ਹਨ | ਉਨ੍ਹਾ ਤਾਂ ਲੋਕਾਂ ਨੂੰ ਫਰਜ਼ੀ ਬਾਬਿਆਂ ਪ੍ਰਤੀ ਖਬਰਦਾਰ ਕੀਤਾ ਸੀ | ਗਵਾਲੀਅਰ ਦੇ ਜਲਾਲਪੁਰ ਪਿੰਡ ਦੇ ਸਰਪੰਚ ਰਹੇ ਪ੍ਰੀਤਮ ਲੋਧੀ ਦੇ ਬੇਟੇ ਦੀ ਸ਼ਾਦੀ ਉਮਾ ਭਾਰਤੀ ਦੀ ਭੈਣ ਦੀ ਧੀ ਨਾਲ ਹੋਈ ਹੈ | ਉਹ ਪਿਛੋਰ ਅਸੰਬਲੀ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ | ਉਨ੍ਹਾ ਵੀਡੀਓ ਪਿੱਛੇ ਪਿਛੋਰ ਤੋਂ ਵਿਧਾਇਕ ਕੇ ਪੀ ਸਿੰਘ ਦੇ ਹਮਾਇਤੀਆਂ ਦਾ ਹੱਥ ਦੱਸਿਆ ਹੈ |