ਬਟਾਲਾ : ਪੁਲਸ ਨੇ ਤਿੱਬੜੀ ਕੈਂਟ ਵਿਖੇ ਤਾਇਨਾਤ ਹੌਲਦਾਰ ਅਤੇ ਉਸ ਦੇ ਦੋ ਸਾਥੀਆਂ ਨੂੰ ਏ ਟੀ ਐੱਮ ਤੋੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗਿ੍ਫਤਾਰ ਕੀਤਾ ਹੈ। ਇਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੋ ਏ ਟੀ ਐੱਮ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਏ ਟੀ ਐੱਮ ਤੋੜਨ ਦੀ ਸਿਖਲਾਈ ਯੂ-ਟਿਊਬ ਤੋਂ ਲਈ ਸੀ। ਏ ਟੀ ਐੱਮ ਤੋੜਨ ਦਾ ਸਾਮਾਨ ਆਨਲਾਈਨ ਮੰਗਵਾਇਆ ਸੀ।
ਐੱਸ ਪੀ (ਡੀ) ਗੁਰਪ੍ਰੀਤ ਸਿੰਘ ਸਹੋਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਤਿਬੜੀ ਕੈਂਟ ’ਚ 14 ਜਾਟ ਰੈਜੀਮੈਂਟ ’ਚ ਤਾਇਨਾਤ ਹੌਲਦਾਰ ਪ੍ਰਵੀਨ ਕੁਮਾਰ ਨੇ ਦੋ ਪੰਜਾਬ ਵਾਸੀ ਸਾਥੀਆਂ ਨਾਲ ਮਿਲ ਕੇ ਬਟਾਲਾ ਦੇ ਪਿੰਡ ਡੇਅਰੀਵਾਲ ਦਰੋਗਾ ’ਚ ਐੱਸ ਬੀ ਆਈ ਦਾ ਏ ਟੀ ਐੱਮ 6 ਜਨਵਰੀ ਨੂੰ ਗੈਸ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ, ਜਦਕਿ 7 ਜਨਵਰੀ ਦੀ ਰਾਤ ਨੂੰ ਹੀ ਦੀਨਾਨਗਰ ’ਚ ਪਿੰਡ ਭਟੋਆ ’ਚ ਪੀ ਅੱੈਨ ਬੀ ਦਾ ਏ ਟੀ ਐੱਮ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਯੂ-ਟਿਊਬ ਦੇਖ ਕੇ ਏ ਟੀ ਅੱੈਮ ਕੱਟਣ ਦੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਗੈਸ ਸਿਲੰਡਰ ਅਤੇ ਕਟਰ ਆਨਲਾਈਨ ਮੰਗਵਾਏ।





