ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੰਗਾਰਿਆ ਕਿ ਜੇ ਉਹ ਝੁੱਗੀ-ਝੌਂਪੜੀ ਵਾਲਿਆਂ ਖਿਲਾਫ ਮੁਕੱਦਮੇ ਵਾਪਸ ਲੈ ਲੈਣ ਤਾਂ ਉਹ ਚੋਣ ਨਾ ਲੜਨ ਦੀ ਗਰੰਟੀ ਦਿੰਦੇ ਹਨ। ਸ਼ਕੂਰ ਬਸਤੀ ਵਿੱਚ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਝੁੱਗੀ-ਝੌਂਪੜੀ ਵਾਲਿਆਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਭਾਜਪਾ ਸੱਤਾ ਵਿੱਚ ਆ ਗਈ ਤਾਂ ਉਨ੍ਹਾਂ ਦੀਆਂ ਝੁੱਗੀਆਂ ਢਾਹ ਕੇ ਜ਼ਮੀਨ ਆਪਣੇ ਅਮੀਰ ਦੋਸਤਾਂ ਨੂੰ ਦੇ ਦੇਵੇਗੀ। ਦਰਅਸਲ ਸ਼ਾਹ ਨੇ ਸਨਿੱਚਰਵਾਰ ਝੁੱਗੀ ਬਸਤੀ ਪ੍ਰਧਾਨ ਸੰਮੇਲਨ ’ਚ ਕਿਹਾ ਸੀ ਕਿ ਹਰ ਝੁੱਗੀ ਵਾਲੇ ਨੂੰ ਭਾਜਪਾ ਸਰਕਾਰ ਪੱਕਾ ਮਕਾਨ ਦੇਵੇਗੀ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸੱਤਾ ਵਿੱਚ ਆ ਗਈ ਤਾਂ ਪੰਜ ਸਾਲਾਂ ’ਚ ਝੁੱਗੀਆਂ ਤਬਾਹ ਕਰ ਦੇਵੇਗੀ। ਭਾਜਪਾ ਨੂੰ ਵੋਟ ਦੇਣ ਦਾ ਮਤਲਬ ਖੁਦਕੁਸ਼ੀ ਕਰਨਾ ਹੋਵੇਗਾ। ਚੋਣਾਂ ਦੀ ਤਰੀਕ ਲਾਗੇ ਆਉਣ ਨਾਲ ਭਾਜਪਾ ਦਾ ਝੁੱਗੀ ਵਾਲਿਆਂ ਨਾਲ ਪ੍ਰੇਮ ਜ਼ਿਆਦਾ ਹੀ ਵਧ ਰਿਹਾ ਹੈ, ਜਦਕਿ ਉਹ ਇਨ੍ਹਾਂ ਨੂੰ ਕੀੜੇ-ਮਕੌੜੇ ਸਮਝਦੀ ਹੈ। ਭਾਜਪਾ ਝੁੱਗੀ ਵਾਲਿਆਂ ਨਾਲ ਪਿਆਰ ਨਹੀਂ ਕਰਦੀ। ਇਸ ਨੇ 10 ਸਾਲਾਂ ’ਚ ਤਿੰਨ ਲੱਖ ਲੋਕਾਂ ਨੂੰ ਬੇਘਰ ਕੀਤਾ ਹੈ।