ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ)
ਮੁਕਤਸਰ-ਫਿਰੋਜ਼ਪੁਰ ਰੋਡ ’ਤੇ ਇੱਥੋਂ ਕਰੀਬ 8 ਕਿਲੋਮੀਟਰ ਦੂਰ ਪਿੰਡ ਲੁਬਾਣਿਆਂ ਵਾਲੀ ਵਿਖੇ ਸਨਿੱਚਰਵਾਰ ਰਾਤ ਹੋਏ ਮੁਕਾਬਲੇ ਦੌਰਾਨ ਪੁਲਸ ਨੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਇਕ ਬਦਮਾਸ਼ ਪੁਲਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ।
ਐੱਸ ਐੱਸ ਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਕਤਸਰ ਲਾਗਲੇ ਪਿੰਡ ਰੁਪਾਣਾ ਦੀ ਪੇਪਰ ਮਿੱਲ ਦੇ ਠੇਕੇਦਾਰ ਸਾਧੂ ਰਾਮ ਪਾਸੋਂ ਇਨ੍ਹਾਂ ਬਦਮਾਸ਼ਾਂ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੱਸਦੇ ਹੋਏ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਠੇਕੇਦਾਰ ਨੇ ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਪੀੜਤ ਵਿਅਕਤੀ ਨਾਲ ਮਿਲ ਕੇ ਆਪਣਾ ਜਾਲ ਵਿਛਾਇਆ ਅਤੇ ਬਦਮਾਸ਼ਾਂ ਨੂੰ 15 ਲੱਖ ਰੁਪਏ ਲੈਣ ਵਾਸਤੇ ਮਨਾ ਲਿਆ। ਫਿਰ ਬਦਮਾਸ਼ਾਂ ਵੱਲੋਂ ਦੱਸੇ ਅਨੁਸਾਰ ਪਿੰਡ ਲੁਬਾਣਿਆਂ ਵਾਲੀ ਵਿਖੇ ਪੀੜਤ ਵਿਅਕਤੀ 15 ਲੱਖ ਰੁਪਏ ਲੈ ਕੇ ਗਿਆ।
ਪੁਲਸ ਨੇ ਵਰ੍ਹਦੇ ਮੀਂਹ ’ਚ ਕੀਤੀ ਘੇਰਾਬੰਦੀ ਦੌਰਾਨ ਬਦਮਾਸ਼ਾਂ ਨੂੰ ਲਲਕਾਰਿਆ ਤਾਂ ਉਨ੍ਹਾਂ ਪੁਲਸ ਉੱਪਰ ਗੋਲੀ ਚਲਾ ਦਿੱਤੀ। ਪੁਲਸ ਦੀ ਜਵਾਬੀ ਗੋਲੀਬਾਰੀ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਗਿਆ, ਜਦੋਂਕਿ ਦੋ ਹੋਰਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ।
ਜ਼ਖਮੀ ਬਦਮਾਸ਼ ਦੀ ਪਛਾਣ ਸੁਖਮੰਦਰ ਸਿੰਘ ਤੇ ਦੋ ਹੋਰਨਾਂ ਦੀ ਲਖਵੀਰ ਸਿੰਘ ਅਤੇ ਸਰਵਣ ਸਿੰਘ ਵਜੋਂ ਹੋਈ ਹੈ।





