ਪਟਿਆਲਾ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਨਗਰ ਨਿਗਮ ਦੇ ਸੱਤ ਵਾਰਡਾਂ ਦੀ ਚੋਣ ਬਹਾਲ ਕਰ ਦਿੱਤੀ ਹੈ। ਦਸੰਬਰ ਵਿੱਚ ਨਿਗਮ ਚੋਣਾਂ ਲਈ ਵੋਟਾਂ ਤੋਂ ਇੱਕ ਦਿਨ ਪਹਿਲਾਂ ਹਾਈ ਕੋਰਟ ਨੇ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਸੱਤ ਵਾਰਡਾਂ ਦੇ ਉਮੀਦਵਾਰਾਂ ਦੀ ਚੋਣ ਰੱਦ ਕਰ ਦਿੱਤੀ ਸੀ, ਪਰ ਸੋਮਵਾਰ ਆਏ ਨਵੇਂ ਫੈਸਲੇ ਦੌਰਾਨ ਅਦਾਲਤ ਨੇ ਇਹ ਚੋਣ ਬਹਾਲ ਕਰਦਿਆਂ ਸੱਤ ਉਮੀਦਵਾਰਾਂ ਨੂੰ ਜੇਤੂ ਮੰਨ ਲਿਆ ਹੈ। ਇਨ੍ਹਾਂ ਸੱਤ ਵਾਰਡਾਂ ’ਚ 32, 33, 36, 41, 48 ਅਤੇ 50 ਨੰਬਰ ਵਾਰਡ ਸ਼ਾਮਲ ਹਨ। ਸਾਰੇ ਸੱਤ ਵਾਰਡਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਸਨ, ਪਰ ਵਿਰੋਧੀ ਧਿਰਾਂ ਨੇ ਦੋਸ਼ ਲਾਏ ਸਨ ਕਿ ਇਨ੍ਹਾਂ ਉਮੀਦਵਾਰਾਂ ਨੇ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਖੋਹ ਕੇ ਪਾੜ ਦਿੱਤੇ ਸਨ, ਇਸ ਕਾਰਨ ਉਹ ਨਾਮਜ਼ਦਗੀ ਦਾਖਲ ਨਾ ਕਰ ਸਕੇ ਤੇ ਇਹ ਸੱਤੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ।




