ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੱਭਿਆਚਾਰਕ ਵਿੰਗ ਵੱਲੋਂ ਹਰ ਸਾਲ ਵਾਂਗ ਇਸ ਵਾਰ ਨਵੇਂ ਵਰ੍ਹੇ ਮੌਕੇ 26 ਜਨਵਰੀ 11:30 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕੱਤਰਤਾ ਕੀਤੀ ਜਾ ਰਹੀ ਹੈ।ਇਸ ’ਚ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸਮੇਤ ਦਸੰਬਰ, ਜਨਵਰੀ ਮਹੀਨੇ ਦੇ ਸਮੂਹ ਗ਼ਦਰੀ ਦੇਸ਼ ਭਗਤਾਂ, ਕੂਕਾ ਲਹਿਰ, ਦੁੱਲਾ ਭੱਟੀ ਅਤੇ ਇਤਿਹਾਸਕ ਘਟਨਾਵਾਂ ਦੀ ਪ੍ਰਸੰਗਿਕਤਾ ਬਾਰੇ ਵਿਚਾਰਾਂ ਹੋਣਗੀਆਂ। ਇਸ ਤੋਂ ਇਲਾਵਾ ਸਾਹਿਤ, ਕਲਾ, ਮਿਊਜ਼ੀਅਮ, ਥੀਏਟਰ ਅਤੇ ਮੁੱਖ ਦੁਆਰ ਬਾਹਰ ਭਵਿੱਖ਼ ਵਿਚ ਹੋਣ ਵਾਲੇ ਕੰਮਾਂ ਬਾਰੇ ਵੀ ਵਿਚਾਰਾਂ ਹੋਣਗੀਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਮੂਹ ਸਬ-ਕਮੇਟੀਆਂ, ਪੱਤਰਕਾਰ ਭਾਈਚਾਰੇ, ਦੇਸ਼ ਭਗਤ ਯਾਦਗਾਰ ਹਾਲ ਨਾਲ਼ ਜੁੜੇ ਅਤੇ ਜੁੜ ਕੇ ਕੰਮ ਕਰਨ ਦੇ ਚਾਹਵਾਨ ਸਭਨਾਂ ਨੂੰ ਨਵੇਂ ਵਰ੍ਹੇ ਦੇ ਸ਼ੁੱਭ ਆਗਮਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ ਕਮੇਟੀ ਨੇ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਹੀ ਲੋਕਾਂ ਨੂੰ ਚੌਕੰਨੇ ਕੀਤਾ ਸੀ ਕਿ ਸਾਮਰਾਜੀ ਅਤੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਫਿਰਕੂ ਫਾਸ਼ੀ ਹੱਲੇ ਖ਼ਿਲਾਫ਼ ਵਿਸ਼ਾਲ ਲੋਕ ਤਾਕਤ ਅਤੇ ਲੋਕ ਆਵਾਜ਼ ਹੀ ਰੋਕ ਲਾਏਗੀ। ਇਹ ਹਾਲਤ ਆਟੇ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਦੇਖੀ ਜਾ ਸਕਦੀ ਹੈ।




