ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ, ਡਾਲਰ ਦੇ ਮੁਕਾਬਲੇ ਰੁਪੱਈਏ ਦਾ ਜਲੂਸ ਨਿਕਲਿਆ

0
152

ਮੁੰਬਈ : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਸੈਂਸੇਕਸ 1048 ਅੰਕ (1.36 ਫੀਸਦੀ) ਦੀ ਗਿਰਾਵਟ ਨਾਲ 76330 ’ਤੇ ਬੰਦ ਹੋਇਆ। ਨਿਫਟੀ ਵਿੱਚ ਵੀ 345 ਅੰਕ (1.47 ਫੀਸਦੀ) ਦੀ ਗਿਰਾਵਟ ਰਹੀ ਤੇ ਇਹ 23085 ਦੀ ਪੱਧਰ ’ਤੇ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਸਮਾਲਕੈਪ 2126 ਅੰਕ (4.03 ਫੀਸਦੀ) ਦੀ ਗਿਰਾਵਟ ਨਾਲ 50596 ਦੇ ਪੱਧਰ ’ਤੇ ਬੰਦ ਹੋਇਆ।
ਸੈਂਸੇਕਸ ਦੇ 30 ਸ਼ੇਅਰਾਂ ਵਿੱਚੋਂ 26 ਵਿੱਚ ਗਿਰਾਵਟ ਤੇ ਚਾਰ ਵਿੱਚ ਤੇਜ਼ੀ ਰਹੀ। ਨਿਫਟੀ ਦੇ 50 ਸ਼ੇਅਰਾਂ ਵਿੱਚੋਂ 46 ’ਚ ਗਿਰਾਵਟ ਤੇ ਚਾਰ ਵਿੱਚ ਤੇਜ਼ੀ ਰਹੀ। ਸਭ ਤੋਂ ਵੱਧ ਨਿਫਟੀ ਰਿਅਲਟੀ 6.47 ਫੀਸਦੀ, ਨਿਫਟੀ ਮੀਡੀਆ 4.54 ਫੀਸਦੀ ਤੇ ਨਿਫਟੀ ਮੈਟਲ 3.77 ਫੀਸਦੀ ਡਿੱਗ ਕੇ ਬੰਦ ਹੋਏ। ਪਿਛਲੇ ਹਫਤੇ ਸ਼ੁੱਕਰਵਾਰ ਸੈਂਸੇਕਸ 241 ਅੰਕ ਡਿੱਗ ਕੇ 77378 ’ਤੇ ਬੰਦ ਹੋਇਆ ਸੀ, ਜਦਕਿ 95 ਅੰਕ ਡਿੱਗ ਕੇ 23431 ਦੇ ਪੱਧਰ ’ਤੇ ਬੰਦ ਹੋਇਆ ਸੀ।
ਬਾਜ਼ਾਰ ਵਿੱਚ ਗਿਰਾਵਟ ਦੇ ਤਿੰਨ ਕਾਰਨ ਰਹੇ। ਪਿਛਲੇ ਸ਼ੁੱਕਰਵਾਰ ਨੂੰ ਜਾਰੀ ਅਮਰੀਕੀ ਜੌਬ ਡੈਟਾ ਨਾਲ ਗਲੋਬਲ ਮਾਰਕਿਟ ’ਚ ਡਰ ਦਾ ਮਾਹੌਲ ਹੈ। ਦਸੰਬਰ ਵਿੱਚ ਅਮਰੀਕੀ ਬੇਰੁਜ਼ਗਾਰੀ ਦਰ ਡਿੱਗ ਕੇ 4.1 ਫੀਸਦੀ ਹੋ ਗਈ, ਜਦਕਿ ਜੌਬ ਗ੍ਰੋਥ ਮਜ਼ਬੂਤ ਰਹੀ। ਅਜਿਹੇ ਵਿੱਚ ਤੌਖਲਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵਿਆਜ ਦਰਾਂ ’ਚ ਕਟੌਤੀ ਕਰ ਸਕਦੀ ਹੈ। ਇਸ ਨਾਲ ਭਾਰਤ ਵਰਗੇ ਉਭਰਦੇ ਬਾਜ਼ਾਰਾਂ ’ਤੇ ਦਬਾਅ ਵਧਣ ਦਾ ਖਦਸ਼ਾ ਹੈ। ਦੂਜਾ ਕਾਰਨ ਇਹ ਰਿਹਾ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਭਾਰਤੀ ਬਾਜ਼ਾਰ ਵਿੱਚ ਬਿਕਵਾਲੀ ਕਰ ਰਹੇ ਹਨ। ਦਸੰਬਰ ਵਿੱਚ ਉਨ੍ਹਾਂ 16982 ਕਰੋੜ ਰੁਪਏ ਦੀ ਬਿਕਵਾਲੀ ਕੀਤੀ। ਜਨਵਰੀ ਵਿੱਚ ਹੁਣ ਤੱਕ 21350 ਕਰੋੜ ਤੋਂ ਵੱਧ ਦੇ ਸ਼ੇਅਰ ਵੇਚ ਚੁੱਕੇ ਹਨ। 10 ਜਨਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ ਨੇ 2254 ਕਰੋੜ ਦੇ ਸ਼ੇਅਰ ਵੇਚੇ ਸਨ। ਤੀਜਾ ਕਾਰਨ ਇਹ ਹੈ ਕਿ ਭਾਰਤੀ ਰੁਪਏ ਦੀ ਕਦਰ-ਘਟਾਈ ਨਾਲ ਬਾਜ਼ਾਰ ’ਤੇ ਦਬਾਅ ਹੈ। ਸੋਮਵਾਰ ਇਹ ਅਮਰੀਕੀ ਡਾਲਰ ਦੇ ਮੁਕਾਬਲੇ ਇਹ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 86.62 ਰੁਪਏ ਤੱਕ ਪੁੱਜ ਗਿਆ। ਅਮਰੀਕੀ ਬਾਂਡ ਯੀਲਡ ’ਚ ਵਾਧੇ ਤੇ ਮਜ਼ਬੂਤ ਰੁਜ਼ਗਾਰ ਅੰਕੜੇ ਨਾਲ ਉਤਸ਼ਾਹਤ ਡਾਲਰ ਦੇ ਮਜ਼ਬੂਤ ਹੋਣ ਨਾਲ ਰੁਪਏ ’ਤੇ ਦਬਾਅ ਪਿਆ। ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਵੀ ਅਸਰ ਹੋਇਆ। ਰੁਪਇਆ ਇੱਕੋ ਦਿਨ ’ਚ 58 ਪੈਸੇ ਕਮਜ਼ੋਰ ਹੋਇਆ। ਇਹ ਦੋ ਸਾਲਾਂ ਵਿੱਚ ਸਭ ਤੋਂ ਵੱਧ ਗਿਰਾਵਟ ਹੈ। 6 ਫਰਵਰੀ 2023 ਨੂੰ 68 ਪੈਸੇ ਕਮਜ਼ੋਰ ਹੋਇਆ ਸੀ। ਪਿਛਲੇ ਦੋ ਹਫਤਿਆਂ ਵਿੱਚ ਰੁਪੱਈਆ ਇੱਕ ਰੁਪਏ ਤੋਂ ਵੱਧ ਕਮਜ਼ੋਰ ਹੋਇਆ ਹੈ। 30 ਦਸੰਬਰ ਨੂੰ ਇੱਕ ਡਾਲਰ 85.52 ਰੁਪਏ ਦਾ ਸੀ।