ਜਲੰਧਰ (ਸ਼ੈਲੀ ਐਲਬਰਟ)-ਜਲੰਧਰ ਕਮਿਸ਼ਨਰੇਟ ਪੁਲਸ ਨੇ ਵਡਾਲਾ ਚੌਕ ਨੇੜੇ ਦਿਓਲ ਨਗਰ ’ਚ ਬੁੱਧਵਾਰ ਸਵੇਰੇ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਦੋ ਮੁੱਖ ਮੈਂਬਰਾਂ ਨੂੰ ਗਿ੍ਰਫਤਾਰ ਕਰ ਲਿਆ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਬਦਨਾਮ ਗੈਂਗਸਟਰ ਬਲਰਾਜ ਸਿੰਘ ਉਰਫ ਬੱਲੂ ਤੇ ਪਵਨ ਕੁਮਾਰ ਜਲੰਧਰ ’ਚ ਕਿਸੇ ਵੱਡੀ ਵਾਰਦਾਤ ਲਈ ਘੁੰਮ ਰਹੇ ਸਨ। ਇਸ ਦੌਰਾਨ ਪੁਲਸ ਟੀਮਾਂ ਨੇ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਬੈਰੀਕੇਡਿੰਗ ਕਰਕੇ ਨਾਕਾਬੰਦੀ ਕੀਤੀ। ਚੈਕਿੰਗ ਦੌਰਾਨ ਇੱਕ ਸ਼ੱਕੀ ਕਾਰ ਨੂੰ ਰੁਕਣ ਲਈ ਕਿਹਾ ਤਾਂ ਬਲਰਾਜ ਨੇ ਗੋਲੀ ਚਲਾ ਦਿੱਤੀ। ਪੁਲਸ ਨੇ ਜਵਾਬੀ ਕਾਰਵਾਈ ਵਿੱਚ ਬਲਰਾਜ ਨੂੰ ਲੱਤ ’ਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ, ਜਦਕਿ ਪਵਨ ਨੂੰ ਵੀ ਭੱਜਣ ਦੀ ਕੋਸ਼ਿਸ਼ ਦੌਰਾਨ ਗਿ੍ਰਫਤਾਰ ਕਰ ਲਿਆ। ਇਨ੍ਹਾਂ ਤੋਂ ਦੋ ਪਿਸਤੌਲ, ਕਾਰਤੂਸ ਤੇ ਕਾਰ ਬਰਾਮਦ ਹੋਈ। ਡੀ ਜੀ ਪੀ ਗੌਰਵ ਯਾਦਵ ਨੇ ਇਸ ਨੂੰ ਜਲੰਧਰ ਕਮਿਸ਼ਨਰੇਟ ਪੁਲਸ ਦੀ ਵੱਡੀ ਸਫਲਤਾ ਕਰਾਰ ਦਿੱਤਾ ਹੈ।




