ਸਾਡੀ ਲੜਾਈ ਇੰਡੀਅਨ ਸਟੇਟ ਨਾਲ : ਰਾਹੁਲ

0
118

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਬੁੱਧਵਾਰ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ ਨੇ ਦੇਸ਼ ਦੇ ਸਾਰੇ ਅਦਾਰਿਆਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਕਾਂਗਰਸ ਨਾ ਸਿਰਫ ਭਾਜਪਾ ਤੇ ਆਰ ਐੱਸ ਐੱਸ ਸਗੋਂ ਇੰਡੀਅਨ ਸਟੇਟ (ਭਾਰਤ ਸਰਕਾਰ) ਨਾਲ ਵੀ ਲੜਾਈ ਲੜ ਰਹੀ ਹੈ।
ਦਿੱਲੀ ਵਿੱਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਦੇ ਉਦਘਾਟਨ ਮੌਕੇ ਰਾਹੁਲ ਵੱਲੋਂ ਦਿੱਤੇ ਗਏ ਇਸ ਬਿਆਨ ਨਾਲ ਭਾਜਪਾ ਭੜਕ ਗਈ ਤੇ ਕਿਹਾ ਕਿ ਰਾਹੁਲ ਨੇ ਤਾਂ ਖੁੱਲ੍ਹੇਆਮ ਜੰਗ ਛੇੜ ਦਿੱਤੀ ਹੈ। ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਨੇ ਕਿਹਾਰਾਹੁਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਰਤ ਨਾਲ ਲੜ ਰਹੇ ਹਨ। ਉਹ ਭਾਰਤ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਕਾਂਗਰਸ ਦਾ ਗੰਦਾ ਸੱਚ ਉਸ ਦੇ ਨੇਤਾ ਨੇ ਹੀ ਉਜਾਗਰ ਕਰ ਦਿੱਤਾ ਹੈ। ਮੈਂ ਰਾਹੁਲ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾ ਖੁਦ ਹੀ ਉਹ ਗੱਲ ਸਾਫ-ਸਾਫ ਕਹਿ ਦਿੱਤੀ ਜੋ ਕਿ ਪੂਰਾ ਦੇਸ਼ ਜਾਣਦਾ ਹੈ। ਉਹ ਭਾਰਤ ਸਰਕਾਰ ਦੇ ਖਿਲਾਫ ਹੀ ਲੜ ਰਹੇ ਹਨ। ਕਾਂਗਰਸ ਦਾ ਇਤਿਹਾਸ ਰਿਹਾ ਹੈ ਅਜਿਹੀਆਂ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਦਾ, ਜਿਹੜੀਆਂ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
ਰਾਹੁਲ ਨੇ ਕਿਹਾਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਕਹਿ ਰਹੇ ਹਨ ਕਿ 1947 ਵਿੱਚ ਭਾਰਤ ਨੂੰ ਅਸਲੀ ਅਜ਼ਾਦੀ ਨਹੀਂ ਮਿਲੀ ਸੀ। ਇਹ ਬਿਆਨ ਸਾਡੇ ਅਜ਼ਾਦੀ ਘੁਲਾਟੀਆਂ ਦੇ ਨਾਲ-ਨਾਲ ਹਰ ਭਾਰਤੀ ਨਾਗਰਿਕ ਦਾ ਅਪਮਾਨ ਹੈ। ਭਾਗਵਤ ਦੇ ਬਿਆਨ ਦਾ ਸਾਡੇ ਸੰਵਿਧਾਨ ’ਤੇ ਹਮਲਾ ਹੈ। ਭਾਗਵਤ ਆਏ ਦਿਨ ਆਪਣੇ ਬਿਆਨਾਂ ਨਾਲ ਦੇਸ਼ ਨੂੰ ਇਹ ਦੱਸਦੇ ਰਹਿੰਦੇ ਹਨ ਕਿ ਉਹ ਅਜ਼ਾਦੀ ਅੰਦੋਲਨ ਤੇ ਸੰਵਿਧਾਨ ਬਾਰੇ ਕੀ ਸੋਚਦੇ ਹਨ। ਉਨ੍ਹਾ ਹਾਲ ਹੀ ਵਿੱਚ ਜੋ ਕਿਹਾ ਉਹ ਦੇਸ਼ਧ੍ਰੋਹ ਹੈ, ਕਿਉਕਿ ਉਨ੍ਹਾ ਦੇ ਬਿਆਨ ਦਾ ਮਤਲਬ ਹੈ ਕਿ ਸੰਵਿਧਾਨ ਦੀ ਕੋਈ ਤੁੱਕ ਨਹੀਂ। ਭਾਗਵਤ ਦੇ ਹਿਸਾਬ ਨਾਲ ਅੰਗਰੇਜ਼ਾਂ ਖਿਲਾਫ ਅਜ਼ਾਦੀ ਦੀ ਲੜਾਈ ਦਾ ਕੋਈ ਮਹੱਤਵ ਹੀ ਨਹੀਂ ਹੈ। ਮੋਹਨ ਭਾਗਵਤ ਜੇ ਕਿਸੇ ਹੋਰ ਦੇਸ਼ ਵਿੱਚ ਅਜਿਹੇ ਬਿਆਨ ਦਿੰਦੇ ਤਾਂ ਗਿ੍ਰਫਤਾਰ ਹੋ ਜਾਂਦੇ। ਉਨ੍ਹਾ ਖਿਲਾਫ ਕੇਸ ਵੀ ਚਲਾਇਆ ਜਾਂਦਾ।
ਭਾਗਵਤ ਨੇ 13 ਜਨਵਰੀ ਨੂੰ ਇੰਦੌਰ ’ਚ ਕਿਹਾ ਸੀ ਕਿ ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਤਿੱਥ ‘ਪ੍ਰਤਿਸ਼ਠਾ ਦਵਾਦਸੀ’ ਦੇ ਰੂਪ ਮਨਾਉਣੀ ਚਾਹੀਦੀ ਹੈ, ਕਿਉਕਿ ਅਨੇਕ ਸਦੀਆਂ ਤੋਂ ਦੁਸ਼ਮਣਾਂ ਦੇ ਹਮਲੇ ਝੱਲਣ ਵਾਲੇ ਦੇਸ਼ ਦੀ ਸੱਚੀ ਅਜ਼ਾਦੀ ਇਸ ਦਿਨ ਮਿਲੀ ਸੀ।
ਰਾਹੁਲ ਨੇ ਕਿਹਾਸਾਡੀ ਵਿਚਾਰਧਾਰਾ ਕੱਲ੍ਹ ਸਾਹਮਣੇ ਨਹੀਂ ਆਈ। ਸਾਡੀ ਵਿਚਾਰਧਾਰਾ ਹਜ਼ਾਰਾਂ ਸਾਲ ਪੁਰਾਣੀ ਹੈ। ਇਹ ਹਜ਼ਾਰਾਂ ਸਾਲਾਂ ਤੋਂ ਸੰਘ ਦੀ ਵਿਚਾਰਧਾਰਾ ਨਾਲ ਲੜ ਰਹੀ ਹੈ। ਸਾਡੇ ਆਪਣੇ ਪ੍ਰਤੀਕ ਹਨ। ਸਾਡੇ ਕੋਲ ਸ਼ਿਵ ਹਨ। ਸਾਡੇ ਕੋਲ ਗੁਰੂ ਨਾਨਕ ਹਨ। ਸਾਡੇ ਕੋਲ ਕਬੀਰ ਹਨ। ਸਾਡੇ ਕੋਲ ਮਹਾਤਮਾ ਗਾਂਧੀ ਹਨ। ਇਹ ਸਾਰੇ ਸਾਨੂੰ ਯਾਨੀ ਕਿ ਦੇਸ਼ ਨੂੰ ਸਹੀ ਰਾਹ ਦਿਖਾਉਦੇ ਹਨ। ਕੀ ਗੁਰੂ ਨਾਨਕ ਦੀ ਵਿਚਾਰਧਾਰਾ ਸੰਘ ਦੀ ਵਿਚਾਰਧਾਰਾ ਹੈ? ਕੀ ਬੁੱਧ ਸੰਘ ਦੀ ਵਿਚਾਰਧਾਰਾ ਹੈ? ਕੀ ਭਗਵਾਨ ਕਿ੍ਰਸ਼ਨ ਸੰਘ ਦੀ ਵਿਚਾਰਧਾਰਾ ਹੈ? ਇਨ੍ਹਾਂ ਵਿੱਚੋਂ ਕੋਈ ਨਹੀਂ। ਇਨ੍ਹਾਂ ਸਭ ਨੇ ਲੋਕਾਂ ਦੀ ਬਰਾਬਰੀ ਤੇ ਭਾਈਚਾਰੇ ਦੀ ਲੜਾਈ ਲੜੀ।
ਰਾਹੁਲ ਨੇ ਕਿਹਾਇਹ ਨਾ ਸੋਚੋ ਕਿ ਅਸੀਂ ਨਿਰਪੱਖ ਲੜਾਈ ਲੜ ਰਹੇ ਹਾਂ। ਇਸ ਵਿੱਚ ਕੋਈ ਨਿਰਪੱਖਤਾ ਨਹੀਂ ਹੈ। ਜੇ ਤੁਸੀਂ ਮੰਨਦੇ ਹੋ ਕਿ ਅਸੀਂ ਭਾਜਪਾ ਜਾਂ ਆਰ ਐੱਸ ਐੱਸ ਨਾਮਕ ਸਿਆਸੀ ਸੰਗਠਨ ਨਾਲ ਲੜ ਰਹੇ ਹਾਂ ਤਾਂ ਤੁਸੀਂ ਸਮਝ ਨਹੀਂ ਪਾ ਰਹੇ ਕਿ ਕੀ ਚੱਲ ਰਿਹਾ ਹੈ। ਇਹ ਦੋ ਵਿਚਾਰਾਂ ਦੀ ਲੜਾਈ ਹੈ। ਇਕ ਸਾਡਾ ਵਿਚਾਰ ਹੈ, ਜੋ ਸੰਵਿਧਾਨ ਦਾ ਵਿਚਾਰ ਹੈ, ਦੂਜਾ ਆਰ ਐੱਸ ਐੱਸ ਦਾ ਵਿਚਾਰ ਹੈ, ਜੋ ਇਸ ਦੇ ਉਲਟ ਹੈ।
9 ਏ ਕੋਟਲਾ ਰੋਡ, ਨਵੀਂ ਦਿੱਲੀ ’ਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ ‘ਇੰਦਰਾ ਗਾਂਧੀ ਭਵਨ’ ਦਾ ਉਦਘਾਟਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸੋਨੀਆ ਗਾਂਧੀ ਨੇ ਕੀਤਾ।