ਪਾਤੜਾਂ : ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਮਰਨ ਵਰਤ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲਈ ਪੁਲਸ ਵੱਲੋਂ ਕਿਸੇ ਵੀ ਸਮੇਂ ਚੁੱਕ ਲੈਣ ਦੀ ਚਰਚਾ ਬੁੱਧਵਾਰ ਗਰਮ ਰਹੀ। ਇਸ ਨੂੰ ਇਸ ਕਰਕੇ ਬਲ ਮਿਲਿਆ ਕਿ ਢਾਬੀ ਗੁੱਜਰਾਂ ਬਾਰਡਰ ਅਤੇ ਹਰਿਆਣਾ ਦੇ ਬੈਰੀਕੇਡਿੰਗ ਵਿਚਾਲੇ ਹਰਿਆਣਾ ਦੀ ਖਾਲੀ ਪਈ ਥਾਂ ਉਤੇ ਹਰਿਆਣਾ ਪੁਲਸ ਦੀ ਕਾਫੀ ਨਫਰੀ ਇਕੱਠੀ ਹੋਈ ਨਜ਼ਰ ਆਈ। ਇਸੇ ਥਾਂ ’ਤੇ ਪਿਛਲੇ ਸਾਲ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋਈ ਸੀ। ਦੂਜੇ ਪਾਸੇ ਇਸ ਦੇ ਟਾਕਰੇ ਲਈ ਕਿਸਾਨਾਂ ਆਗੂਆਂ ਵੱਲੋਂ ਵੀ ਕਿਸਾਨਾਂ ਤੇ ਆਮ ਲੋਕਾਂ ਨੂੰ ਇਕੱਠੇ ਹੋਣ ਦੀਆਂ ਅਪੀਲਾਂ ਕੀਤੀਆਂ ਗਈਆਂ। ਉਕਤ ਬਾਰਡਰ ’ਤੇ ਕਿਸਾਨਾਂ ਨੇ ਪਹਿਲਾਂ ਹੀ ਮਜ਼ਬੂਤ ਕਿਲ੍ਹੇਬੰਦੀ ਕਰਨ ਤੋਂ ਇਲਾਵਾ ਪਦਾਰਥ ਖੇੜਾ ਨੂੰ ਜਾਂਦੀ ਸੜਕ ਤੋਂ ਥੋੜ੍ਹਾ ਜਿਹਾ ਅੱਗੇ ਟਰਾਲੀਆਂ ਲਾ ਕੇ ਪੱਕੇ ਤੌਰ ’ਤੇ ਸਟੇਜ ਵੱਲ ਜਾਣ ਵਾਲੇ ਵਾਹਨ ਰੋਕ ਦਿੱਤੇ ਹਨ ਅਤੇ ਸਟੇਜ ਵੱਲ ਜਾਣ ਵਾਲੇ ਹਰ ਵਿਅਕਤੀ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।





