ਨਵੀਂ ਦਿੱਲੀ : ਆਬਕਾਰੀ ਨੀਤੀ ਮਾਮਲੇ ‘ਚ ਐੱਫ ਆਈ ਆਰ ਦਰਜ ਕਰਨ ਤੋਂ ਬਾਅਦ ਸੀ ਬੀ ਆਈ ਨੇ ਸ਼ੱੁਕਰਵਾਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਈ ਏ ਐੱਸ ਅਧਿਕਾਰੀ ਆਰਵ ਗੋਪੀ ਕਿ੍ਸ਼ਨਾ ਦੇ ਘਰ ਸਮੇਤ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿਚ 21 ਥਾਵਾਂ ‘ਤੇ ਛਾਪੇਮਾਰੀ ਕੀਤੀ | ਸਿਸੋਦੀਆ ਦੀ ਰਿਹਾਇਸ਼ ਤੋਂ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤੇ ਗਏ ਹਨ | ਸ਼ਾਮ ਨੂੰ ਸੀ ਬੀ ਆਈ ਨੇ ਆਬਕਾਰੀ ਘਪਲੇ ਵਿਚ ਸਿਸੋਦੀਆ ਸਣੇ 15 ਜਣਿਆਂ ਨੂੰ ਨਾਮਜ਼ਦ ਕਰ ਲਿਆ | ਐੱਫ ਆਈ ਆਰ ਵਿਚ ਦੋਸ਼ ਲਾਇਆ ਗਿਆ ਹੈ ਕਿ ਸਿਸੋਦੀਆ ਨੇ 2021-22 ਦੀ ਆਬਕਾਰੀ ਨੀਤੀ ਬਾਰੇ ਸਮਰੱਥ ਅਧਿਕਾਰੀਆਂ ਦੀ ਮਨਜ਼ੂਰੀ ਲਏ ਬਿਨਾਂ ਮਨਮਰਜ਼ੀ ਨਾਲ ਫੈਸਲੇ ਲੈ ਕੇ ਲਸੰਸੀਆਂ ਨੂੰ ਬੇਲੋੜਾ ਫਾਇਦਾ ਪਹੁੰਚਾਇਆ |
ਅਧਿਕਾਰੀਆਂ ਨੇ ਦੱਸਿਆ ਕਿ ਸੀ ਬੀ ਆਈ ਨੇ ਪਿਛਲੇ ਸਾਲ ਨਵੰਬਰ ‘ਚ ਲਿਆਂਦੀ ਗਈ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ‘ਚ ਕਥਿਤ ਬੇਨੇਮੀਆਂ ਦੇ ਸੰਬੰਧ ‘ਚ ਐੱਫ ਆਈ ਆਰ ਦਰਜ ਕੀਤੀ ਹੈ | ਉਨ੍ਹਾਂ ਕਿਹਾ ਕਿ ਸੀ ਬੀ ਆਈ ਦੀਆਂ ਟੀਮਾਂ ਸਿਸੋਦੀਆ ਅਤੇ 2012 ਬੈਚ ਦੇ ਏ ਜੀ ਐੱਮ ਯੂ ਟੀ ਕੇਡਰ ਦੇ ਆਈ ਏ ਐੱਸ ਅਧਿਕਾਰੀ ਤੇ ਸਾਬਕਾ ਆਬਕਾਰੀ ਕਮਿਸ਼ਨਰ ਕਿ੍ਸ਼ਨਾ ਅਤੇ ਚਾਰ ਜਨਤਕ ਸੇਵਕਾਂ ਸਮੇਤ 21 ਜਣਿਆਂ ਦੇ ਟਿਕਾਣਿਆਂ ‘ਤੇ ਪਹੁੰਚੀਆਂ | ਛਾਪਿਆਂ ਖਿਲਾਫ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਨੇਤਾਵਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ |