ਇੱਕ ਸਮਾਂ ਸੀ, ਜਦੋਂ ਲੋਕ ਡਾਕਟਰਾਂ ‘ਤੇ ਰੱਬ ਜਿੰਨਾ ਭਰੋਸਾ ਕਰਦੇ ਸਨ | ਡਾਕਟਰ ਵੀ ਆਪਣੇ ਪੇਸ਼ੇ ਦੀ ਪਵਿੱਤਰਤਾ ਕਾਇਮ ਰੱਖਣ ਲਈ ਮਰੀਜ਼ਾਂ ਨੂੰ ਠੀਕ ਕਰਨ ਵਾਸਤੇ ਪੂਰੀ ਵਾਹ ਲਾ ਦਿੰਦੇ ਸਨ, ਪਰ ਅੱਜ ਉਹ ਸਮਾਂ ਨਹੀਂ ਰਿਹਾ | ਹੋਰ ਕਿੱਤਿਆਂ ਵਾਂਗ ਡਾਕਟਰੀ ਪੇਸ਼ਾ ਵੀ ਲੋਕਾਂ ਨੂੰ ਲੁੱਟਣ ਦਾ ਵਸੀਲਾ ਬਣ ਚੁੱਕਾ ਹੈ | ਬੈੱਡਾਂ ਤੇ ਕਮਰਿਆਂ ਦਾ ਪੰਜ ਤਾਰਾ ਹੋਟਲਾਂ ਤੋਂ ਵੀ ਮਹਿੰਗਾ ਕਿਰਾਇਆ, ਡਾਕਟਰਾਂ ਤੇ ਨਰਸਾਂ ਦੀਆਂ ਉੱਚੀਆਂ ਫੀਸਾਂ ਤੋਂ ਇਲਾਵਾ ਦਵਾਈਆਂ ਦੇ ਖਰਚਿਆਂ ਰਾਹੀਂ ਮਰਨਾਊ ਪਏ ਮਰੀਜ਼ ਦੇ ਸਾਰੇ ਸਾਹ ਸੂਤ ਲਏ ਜਾਂਦੇ ਹਨ | ਹੱਦ ਤਾਂ ਇਹ ਹੈ ਕਿ ਇਨ੍ਹਾਂ ਡਾਕਟਰਾਂ, ਕੁਝ ਗਿਣਤੀ ਦੇ ਇਮਾਨਦਾਰਾਂ ਨੂੰ ਛੱਡ ਕੇ, ਦਾ ਏਨੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਤੇ ਉਹ ਦਵਾ ਕੰਪਨੀਆਂ ਦੀਆਂ ਦਵਾਈਆਂ ਦੀ ਪਰਚੀ ਲਿਖਣ ਲਈ ਇਨ੍ਹਾਂ ਕੰਪਨੀਆਂ ਤੋਂ ਕਰੋੜਾਂ ਰੁਪਏ ਰਿਸ਼ਵਤ ਖਾਣ ਤੋਂ ਵੀ ਗੁਰੇਜ਼ ਨਹੀਂ ਕਰਦੇ |
ਫੈਡਰੇਸ਼ਨ ਆਫ਼ ਮੈਡੀਕਲ ਐਂਡ ਸੇਲਜ਼ ਰਿਪ੍ਰੈਜ਼ੈਂਟੇਟਿਵ ਐਸੋਸੀਏਸ਼ਨ ਆਫ਼ ਇੰਡੀਆ ਨੇ ਸੁਪਰੀਮ ਕੋਰਟ ਵਿੱਚ ਇੱਕ ਰਿੱਟ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਦਵਾ ਕੰਪਨੀਆਂ ਆਪਣੇ ਕਾਰੋਬਾਰ ਵਧਾਉਣ ਲਈ ਉੱਚੀਆਂ ਕੀਮਤਾਂ ਵਾਲੀਆਂ ਤਰਕਹੀਣ ਦਵਾਈਆਂ ਲਿਖਣ ਲਈ ਡਾਕਟਰਾਂ ਨੂੰ ਰਿਸ਼ਵਤ ਦੇ ਰਹੀਆਂ ਹਨ | ਐਸੋਸੀਏਸ਼ਨ ਨੇ ਰਿੱਟ ਵਿੱਚ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਡੋਲੋ-650 ਗੋਲੀ ਦੀ ਸਿਫਾਰਸ਼ ਕਰਨ ਲਈ ਦਵਾ ਕੰਪਨੀਆਂ ਨੇ ਡਾਕਟਰਾਂ ਨੂੰ ਇੱਕ ਹਜ਼ਾਰ ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ | ਐਸੋਸੀਏਸ਼ਨ ਦੇ ਵਕੀਲ ਸੰਜੇ ਪਾਰਿਖ ਨੇ ਜਸਟਿਸ ਡੀ ਵਾਈ ਚੰਦਰਚੂੜ ਤੇ ਜਸਟਿਸ ਏ ਐੱਸ ਬੋਪੰਨਾ ਦੀ ਬੈਂਚ ਨੂੰ ਦੱਸਿਆ ਕਿ 500 ਐੱਮ ਜੀ ਤੱਕ ਦੀ ਡੋਲੋ ਗੋਲੀ ਦੀ ਕੀਮਤ ਬਜ਼ਾਰ ਵੱਲੋਂ ਨਿਰਧਾਰਤ ਹੈ, ਪਰ ਇਸ ਤੋਂ ਵੱਧ ਦੀ ਖੁਰਾਕ ਦਾ ਮੁੱਲ ਤੈਅ ਕਰਨ ਲਈ ਦਵਾ ਨਿਰਮਾਤਾ ਅਜ਼ਾਦ ਹਨ | ਉਨ੍ਹਾ ਕਿਹਾ ਕਿ ਵੱਧ ਮੁਨਾਫ਼ਾ ਕਮਾਉਣ ਲਈ ਡਾਕਟਰਾਂ ਨੂੰ ਕਿਹਾ ਗਿਆ ਕਿ ਉਹ ਡੋਲੋ-650 ਦੀ ਪਰਚੀ ਲਿਖਣ ਤੇ ਇਸ ਦੇ ਇਵਜ਼ ਵਿੱਚ ਡਾਕਟਰਾਂ ਨੂੰ ਤੋਹਫਿਆਂ ਰਾਹੀਂ 1000 ਕਰੋੜ ਰੁਪਏ ਵੰਡੇ ਗਏ |
ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ | ਜਸਟਿਸ ਚੰਦਰਚੂੜ ਨੇ ਕਿਹਾ, ”ਜਦੋਂ ਮੈਨੂੰ ਕੋਰੋਨਾ ਹੋਇਆ ਸੀ ਤਾਂ ਮੈਨੂੰ ਵੀ ਡੋਲੋ -650 ਗੋਲੀ ਖਾਣ ਲਈ ਦਿੱਤੀ ਗਈ ਸੀ | ਜੇਕਰ ਇਹ ਮਾਮਲਾ ਦਵਾ ਕੰਪਨੀਆਂ ਵੱਲੋਂ ਮਰੀਜ਼ ਦੀ ਜਾਨ ਨਾਲ ਖਿਲਵਾੜ ਕਰਨ ਅਤੇ ਬਿਮਾਰੀ ਦੀ ਆੜ ਵਿੱਚ ਡਾਕਟਰਾਂ ਨੂੰ ਰਿਸ਼ਵਤ ਦੇ ਕੇ ਮੁਨਾਫ਼ਾ ਕਮਾਉਣ ਨਾਲ ਜੁੜਿਆ ਹੋਇਆ ਹੈ ਤਾਂ ਅਜਿਹੀਆਂ ਕੰਪਨੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ |”
ਰਿੱਟ ਦਾਖ਼ਲ ਕਰਨ ਵਾਲਿਆਂ ਨੇ ਮੰਗ ਕੀਤੀ ਹੈ ਕਿ ਦਵਾ ਕੰਪਨੀਆਂ ਵੱਲੋਂ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਲਈ ਮੌਜੂਦਾ ਕੋਡ ਨੂੰ ਸੋਧ ਕੇ ਨਿਗਰਾਨੀ ਤੰਤਰ, ਪਾਰਦਰਸ਼ਿਤਾ ਤੇ ਜਵਾਬਦੇਹੀ ਰਾਹੀਂ ਅਜਿਹਾ ਢਾਂਚਾ ਵਿਕਸਤ ਕੀਤਾ ਜਾਵੇ, ਜਿਸ ਨਾਲ ਮਰੀਜ਼ਾਂ ਦੀ ਲੁੱਟ ਰੋਕੀ ਜਾ ਸਕੇ | ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੇ ਸੰਬੰਧਤ ਧਿਰਾਂ ਨੂੰ ਜਵਾਬੀ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ |