ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪੋਲਿੰਗ ਅੱਜ

0
105

ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ ਐੱਸ ਜੀ ਪੀ ਸੀ) ਦੀ 19 ਜਨਵਰੀ ਨੂੰ ਹੋ ਰਹੀ ਚੋਣ ’ਚ ਸੂਬੇ ਦੇ 22 ਜ਼ਿਲ੍ਹਿਆਂ ਦੇ 40 ਵਾਰਡਾਂ ਦੇ 4 ਲੱਖ ਸਿੱਖ ਵੋਟਰ 164 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਰਾਜ ਗੁਰਦੁਆਰਾ ਚੋਣ ਕਮਿਸ਼ਨ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਲਈ ਚਾਰ ਪ੍ਰਮੁੱਖ ਟਕਸਾਲੀ ਦਲਾਂ ਵੱਲੋਂ ਵੱਖ-ਵੱਖ ਨਾਵਾਂ ਨਾਲ ਜਥੇਬੰਦੀਆਂ ਬਣਾ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ।
2013-14 ਤੋਂ ਬਾਅਦ ਪਹਿਲੀ ਵਾਰ ਐੱਚ ਐੱਸ ਜੀ ਪੀ ਸੀ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ’ਚ ਚਾਰ ਪ੍ਰਮੁੱਖ ਸਿੱਖ ਆਗੂਆਂ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਬਲਦੇਵ ਸਿੰਘ ਕਿਆਮਪੁਰੀ ਅਤੇ ਦੀਦਾਰ ਸਿੰਘ ਨਲਵੀ ਦੇ ਧੜਿਆਂ ਦਾ ਵੱਕਾਰ ਦਾਅ ’ਤੇ ਹੈ। ਦਾਦੂਵਾਲ ਦੀ ਟੀਮ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਬੈਨਰ ਹੇਠ ਚੋਣ ਲੜ ਰਹੀ ਹੈ, ਜਦੋਂ ਕਿ ਝੀਂਡਾ ਨੇ ਪੰਥਕ ਦਲ (ਝੀਂਡਾ), ਕਿਆਮਪੁਰੀ ਹਰਿਆਣਾ ਸਿੱਖ ਪੰਥਕ ਦਲ ਤੇ ਦੀਦਾਰ ਸਿੰਘ ਨਲਵੀ ਸਿੱਖ ਸਮਾਜ ਸੰਗਠਨ ਦੇ ਬੈਨਰ ਹੇਠ ਚੋਣ ਲੜ ਰਹੇ ਹਨ। ਦਾਦੂਵਾਲ ਗਰੁੱਪ ਨੂੰ ਭਾਜਪਾ ਸਰਕਾਰ ਦਾ ਸਮਰਥਨ ਦੱਸਿਆ ਜਾਂਦਾ ਹੈ, ਜਦਕਿ ਝੀਂਡਾ ਨੂੰ ਸ਼ੁਰੂ ’ਚ ਕਾਂਗਰਸ ਦੀ ਹਮਾਇਤ ਹਾਸਲ ਸੀ। ਨਲਵੀ ਭਾਜਪਾ ਅਤੇ ਕਾਂਗਰਸ ਦੋਵਾਂ ਦੇ ਨੇੜੇ ਮੰਨੇ ਜਾਂਦੇ ਹਨ। ਇਸ ਦੇ ਬਾਵਜੂਦ ਸੂਬੇ ਦੀ ਸਿੱਖ ਸੰਗਤ ਨੇ ਇਨ੍ਹਾਂ ਧੜਿਆਂ ਤੋਂ ਇਲਾਵਾ ਆਪਣੀ ਪਸੰਦ ਦੇ ਉਮੀਦਵਾਰ ਖੜ੍ਹੇ ਕੀਤੇ ਹਨ, ਜੋ ਬਿਨਾਂ ਕਿਸੇ ਬੈਨਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਨਵੇਂ ਚੁਣੇ 40 ਮੈਂਬਰ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨਗੇ। ਇਨ੍ਹਾਂ ਮੈਂਬਰਾਂ ਵੱਲੋਂ ਨੌਂ ਮੈਂਬਰ ਨਾਮਜ਼ਦ ਕੀਤੇ ਜਾਣਗੇ, ਜਿਨ੍ਹਾਂ ’ਚ ਦੋ ਬੀ ਸੀ, ਦੋ ਐੱਸ ਸੀ, ਦੋ ਔਰਤਾਂ ਅਤੇ ਤਿੰਨ ਜਨਰਲ ਮੈਂਬਰ ਸ਼ਾਮਲ ਹੋਣਗੇ।