ਚੰਡੀਗੜ੍ਹ : ਸੀ ਬੀ ਆਈ ਕੋਰਟ ਨੇ ਸ਼ਨਿੱਚਰਵਾਰ ਹਿਮਾਚਲ ਦੇ ਕੋਟਖਾਈ ’ਚ 2017 ਵਿੱਚ ਸਕੂਲੀ ਵਿਦਿਆਰਥਣ ਦੇ ਗੈਂਗਰੇਪ ਤੇ ਕਤਲ ਦੇ ਸੰਬੰਧ ’ਚ ਫੜੇ ਮੁਲਜ਼ਮ ਦੀ ਪੁਲਸ ਹਿਰਾਸਤ ’ਚ ਮੌਤ ਹੋਣ ਦੇ ਮਾਮਲੇ ਵਿੱਚ ਆਈ ਜੀ ਜ਼ਹੂਰ ਹੈਦਰ ਜ਼ੈਦੀ ਤੇ 7 ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੋਰਨਾਂ ਵਿੱਚ ਵੇਲੇ ਦੇ ਡੀ ਐੱਸ ਪੀ ਮਨੋਜ ਜੋਸ਼ੀ, ਐੱਸ ਆਈ ਰਜਿੰਦਰ ਸਿੰਘ, ਏ ਐੱਸ ਆਈ ਦੀਪ ਚੰਦ ਸ਼ਰਮਾ, ਐੱਚ ਐੱਚ ਸੀ ਮੋਹਨ ਲਾਲ, ਐੱਚ ਐੱਚ ਸੀ ਸੂਰਤ ਸਿੰਘ, ਐੱਚ ਸੀ ਰਫੀ ਮੁਹੰਮਦ ਤੇ ਕਾਂਸਟੇਬਲ ਰਨੀਤ ਸਟੇਟਾ ਸ਼ਾਮਲ ਹਨ। ਕੋਰਟ ਨੇ ਸਾਬਕਾ ਐੱਸ ਪੀ ਡੀ ਡਬਲਿਊ ਨੇਗੀ ਨੂੰ ਬਰੀ ਕਰ ਦਿੱਤਾ। ਕੋਰਟ ਸਜ਼ਾ 27 ਜਨਵਰੀ ਨੂੰ ਸੁਣਾਏਗੀ। 16 ਸਾਲਾ ਕੁੜੀ ਚਾਰ ਜੁਲਾਈ 2017 ਨੂੰ ਲਾਪਤਾ ਹੋ ਗਈ ਸੀ ਤੇ ਉਸਦੀ ਲਾਸ਼ ਦੋ ਦਿਨਾਂ ਬਾਅਦ ਜੰਗਲ ’ਚ ਮਿਲੀ ਸੀ। ਪੋਸਟਮਾਰਟਮ ਵਿੱਚ ਰੇਪ ਤੇ ਕਤਲ ਦੀ ਪੁਸ਼ਟੀ ਹੋਈ ਸੀ। ਜ਼ੋਰਦਾਰ ਗੁੱਸੇ ਦਰਮਿਆਨ ਜ਼ੈਦੀ ਦੀ ਅਗਵਾਈ ਵਿੱਚ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਟੀਮ ਨੇ ਛੇ ਵਿਅਕਤੀ ਫੜੇ ਸਨ। ਇਨ੍ਹਾਂ ਵਿੱਚੋਂ ਇੱਕ ਸੂਰਜ ਦੀ 8 ਜੁਲਾਈ ਦੀ ਰਾਤ ਕੋਟਖਾਈ ਥਾਣੇ ’ਚ ਮੌਤ ਹੋਣ ’ਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਦੋਹਾਂ ਮਾਮਲਿਆਂ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਸੀ। ਸੀ ਬੀ ਆਈ ਨੇ 22 ਜੁਲਾਈ ਨੂੰ ਕੇਸ ਦਰਜ ਕਰਨ ਤੋਂ ਬਾਅਦ ਜ਼ੈਦੀ ਤੇ ਹੋਰਨਾਂ ਪੁਲਸਕਰਮੀਆਂ ਨੂੰ ਗਿ੍ਰਫਤਾਰ ਕਰ ਲਿਆ ਸੀ। ਸੀ ਬੀ ਆਈ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਸੀ ਕਿ ਸੂਰਜ ਦੀ ਮੌਤ ਜੁਰਮ ਕਬੂਲ ਕਰਾਉਣ ਲਈ ਦਿੱਤੇ ਤਸੀਹਿਆਂ ਕਾਰਨ ਹੋਈ। ਸੁਪਰੀਮ ਕੋਰਟ ਨੇ 2019 ਵਿੱਚ ਹਿਰਾਸਤੀ ਮੌਤ ਦਾ ਮਾਮਲਾ ਸ਼ਿਮਲਾ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਸੀ। ਸੀ ਬੀ ਆਈ ਨੇ ਕੋਰਟ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਡੀ ਜੀ ਪੀ ਨੂੰ ਗਲਤ ਰਿਪੋਰਟ ਦਿੱਤੀ ਸੀ ਕਿ ਸੂਰਜ ਨੂੰ ਹਿਰਾਸਤ ਦੌਰਾਨ ਰਜਿੰਦਰ ਉਰਫ ਰਾਜੂ ਨੂੰ ਮਾਰਿਆ ਸੀ।



