ਦੋਰਾਹਾ, (ਹਰਮਿੰਦਰ ਸੇਠ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਐਡਵੋਕੇਟ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਰ ਐੱਸ ਐੱਸ ਅਤੇ ਬੀ ਜੇ ਪੀ ਜੋ ਸੱਤਾ ’ਤੇ ਕਾਬਜ਼ ਹਨ, ਦੀ ਵਿਚਾਰਧਾਰਾ ਸਾਡੇ ਸਮਾਜ ਅਤੇ ਦੇਸ਼ ਲਈ ਬਹੁਤ ਹੀ ਘਾਤਕ ਹੈ, ਪਰ ਕਮਿਊਨਿਸਟਾਂ ਦਾ ਇਤਿਹਾਸ ਰਿਹਾ ਹੈ ਕਿ ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਵੇਲੇ ਵੀ ਕੁਰਬਾਨੀਆਂ ਦਿੱਤੀਆਂ ਅਤੇ ਉਸ ਤੋਂ ਬਾਅਦ ਵੀ ਲੋਕਾਂ ਦੇ ਮਸਲਿਆਂ ਨੂੰ ਲੈ ਕੇ, ਚਾਹੇ ਉਹ ਜ਼ਮੀਨੀ ਸੁਧਾਰ ਹੋਣ, ਮਹਿੰਗਾਈ ਦਾ ਮੁੱਦਾ ਹੋਵੇ ਜਾਂ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਅਸੀਂ ਸਭ ਤੋਂ ਅੱਗੇ ਹੋ ਕੇ ਲੜੇ ਹਾਂ ਅਤੇ ਹੁਣ ਆਰ ਐੱਸ ਐੱਸ ਅਤੇ ਬੀ ਜੇ ਪੀ ਦੀ ਵਿਚਾਰਧਾਰਾ ਨਾਲ ਵੀ ਕਮਿਊਨਿਸਟ ਪੂਰੀ ਸ਼ਕਤੀ ਨਾਲ ਲੜਨਗੇ। ਕਾਮਰੇਡ ਬਰਾੜ ਨੇ ਪਾਰਟੀ ਦੇ ਬਣਨ ਵੇਲੇ ਤੋਂ ਲੈ ਕੇ ਅੱਜ ਤੱਕ ਉਸ ਦੇ ਇਤਿਹਾਸ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ ਅਤੇ ਸਮੇਂ-ਸਮੇਂ ’ਤੇ ਦੇਸ਼ ਨੂੰ ਅਤੇ ਪਾਰਟੀ ਨੂੰ ਦਰਪੇਸ਼ ਮੁਸ਼ਕਲਾਂ ਦੀ ਚਰਚਾ ਵੀ ਕੀਤੀ। ਉਹਨਾ ਕਿਹਾ ਕਿ ਪਾਰਟੀ ਦੀ 25ਵੀਂ (ਸਿਲਵਰ ਜੁਬਲੀ) ਕਾਂਗਰਸ ਜੋ ਪਾਰਟੀ ਦੇ ਸੌਵੇਂ ਸਾਲ ਵਿੱਚ ਚੰਡੀਗੜ੍ਹ ਵਿਖੇ ਹੋ ਰਹੀ ਹੈ, ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀਆਂ ਹਨ। ਉਹਨਾ ਨੇ ਲੁਧਿਆਣਾ ਜ਼ਿਲ੍ਹੇ ਦੀ ਪਾਰਟੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਜ਼ਿਲ੍ਹਾ ਹਮੇਸ਼ਾ ਹੀ ਸੂਬੇ ਵਿੱਚ ਮੂਹਰਲੀਆਂ ਕਤਾਰਾਂ ਵਿੱਚ ਰਿਹਾ ਹੈ ਅਤੇ ਹੁਣ ਵੀ ਇਸ ਕਾਂਗਰਸ ਨੂੰ ਨੇਪਰੇ ਚਾੜ੍ਹਨ ਵਿੱਚ ਲੁਧਿਆਣੇ ਦੇ ਸਾਥੀ ਪੂਰਾ ਯੋਗਦਾਨ ਪਾਉਣਗੇ।ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਗੁਲਜ਼ਾਰ ਗੋਰੀਆ ਨੇ ਦੇਸ਼ ਦੇ ਹਾਲਾਤ ਅਤੇ ਵਧ ਰਹੇ ਗਰੀਬ-ਅਮੀਰ ਦੇ ਪਾੜੇ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਪਾਰਟੀ ਹੀ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲੜੀ ਹੈ। ਲੁਧਿਆਣੇ ਜ਼ਿਲ੍ਹੇ ਵੱਲੋਂ ਬੋਲਦੇ ਹੋਏ ਜ਼ਿਲ੍ਹਾ ਸਕੱਤਰ ਡੀ ਪੀ ਮੌੜ ਨੇ ਵਿਸ਼ਵਾਸ ਦਿਵਾਇਆ ਕਿ ਲੁਧਿਆਣਾ ਜ਼ਿਲ੍ਹਾ ਪਾਰਟੀ ਕਾਂਗਰਸ ਲਈ ਦਿਨ-ਰਾਤ ਇੱਕ ਕਰਕੇ ਇਕੱਲੇ-ਇਕੱਲੇ ਪਿੰਡ ਜਾਵੇਗਾ ਅਤੇ ਪਾਰਟੀ ਕਾਂਗਰਸ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਵੇਗਾ।ਇਸ ਮੌਕੇ ਸੂਬਾ ਸਕੱਤਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਐੱਮ ਐੱਸ ਭਾਟੀਆ, ਚਮਕੌਰ ਸਿੰਘ, ਰਮੇਸ਼ ਰਤਨ, ਡਾਕਟਰ ਰਜਿੰਦਰ ਪਾਲ ਸਿੰਘ, ਡਾਕਟਰ ਗੁਲਜ਼ਾਰ ਪੰਧੇਰ, ਕੇਵਲ ਸਿੰਘ ਬਨਵੈਤ, ਪਿ੍ਰੰਸੀਪਲ ਜਗਜੀਤ ਸਿੰਘ, ਜਗਦੀਸ਼ ਰਾਏ ਬੌਬੀ, ਰਸ਼ਪਾਲ ਸਿੰਘ, ਵਿਜੇ ਕੁਮਾਰ ਤੇ ਅਜੀਤ ਜਵੱਦੀ ਆਦਿ ਨੇ ਸੰਬੋਧਨ ਕੀਤਾ।





