ਦਾਨ ਸਿੰਘ ਵਾਲਾ ਦੇ ਗਰੀਬਾਂ ’ਤੇ ਜਾਨਲੇਵਾ ਹਮਲਾ ਕਰਨ ਤੇ ਘਰਾਂ ਨੂੰ ਫੂਕਣ ਵਾਲੇ ਗੁੰਡਿਆਂ ’ਤੇ ਸਾਜ਼ਿਸ਼ ਰਚਣ, ਐੱਸ ਸੀ ਤੇ ਟੈਰਰਿਸਟ ਐਕਟ ਦੀ ਧਾਰਾ ਵੀ ਲਾਈ ਜਾਵੇ : ਜੋਗਾ

0
146

ਬਠਿੰਡਾ/ ਤਲਵੰਡੀ ਸਾਬੋ (ਬਖਤੌਰ ਢਿੱਲੋਂ/ਜਗਦੀਪ ਗਿੱਲ)
ਬੀਤੀ 9 ਤੇ 10 ਜਨਵਰੀ ਦੀ ਦਰਮਿਆਨੀ ਰਾਤ ਪਿੰਡ ਦਾਨ ਸਿੰਘ ਵਾਲਾ ਦੀ ਜੀਵਨ ਸਿੰਘ ਬਸਤੀ ਵਿਚ ਗੁੰਡਿਆਂ ਵੱਲੋਂ ਬਕਾਇਦਾ ਅਗਾਊਂ ਸਾਜ਼ਿਸ਼ ਬਣਾ ਕੇ ਮਜ਼ਹਬੀ ਸਿੱਖ ਭਾਈਚਾਰੇ ਦੇ ਗਰੀਬਾਂ ਉੱਤੇ ਕੀਤੇ ਹਥਿਆਰਬੰਦ ਕਾਤਲਾਨਾ ਹਮਲੇ ਤੇ ਅੱਗ ਲਾ ਕੇ ਸਾੜੇ ਗਏ 8 ਘਰਾਂ ਦੀ ਘਟਨਾ ਬਾਰੇ ਮੁਲਜ਼ਮਾਂ ਉੱਤੇ ਦਰਜ ਮੁਕੱਦਮੇ ਵਿਚ ਸਾਜ਼ਿਸ਼ ਰਚਣ ਦੀ ਧਾਰਾ 120 ਬੀ, ਐੱਸ ਸੀ ਐਕਟ, ਰਾਤ ਦੇ ਹਨੇਰੇ ਵਿਚ ਘਰਾਂ ਵਿਚ ਦਾਖਲ ਹੋ ਕੇ ਗੰਭੀਰ ਫੌਜਦਾਰੀ ਜੁਰਮ ਕਰਨ, ਡਾਕਾ ਮਾਰਨ ਅਤੇ ਟੈਰਰਿਸਟ ਐਕਟ ਦੀ ਧਾਰਾ ਜੋੜੀ ਜਾਵੇ ਅਤੇ ਹਰ ਨੁਕਸਾਨੇ ਪਰਵਾਰ ਦਾ ਸਰਕਾਰੀ ਖਰਚੇ ਉੱਤੇ ਇਲਾਜ ਤੇ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਇਹ ਮੰਗ ਸੀ ਪੀ ਆਈ ਦੇ ਸੂਬਾਈ ਆਗੂ ਜਗਜੀਤ ਸਿੰਘ ਜੋਗਾ ਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਕੌਂਸਲ ਮੈਂਬਰ ਸੁਰਜੀਤ ਸਿੰਘ ਸੋਹੀ ਦੀ ਅਗਵਾਈ ਵਿਚ 13 ਮੈਂਬਰੀ ਟੀਮ ਵੱਲੋਂ ਘਟਨਾ ਸਥਾਨ ਦੇ ਕੀਤੇ ਸਰਵੇਖਣ ਤੋਂ ਬਾਅਦ ਪ੍ਰੈੱਸ ਨੂੰ ਜਾਰੀ ਕੀਤੇ ਲਿਖਤੀ ਬਿਆਨ ਵਿੱਚ ਕੀਤੀ ਗਈ ਹੈ। ਆਗੂਆਂ ਅਨੁਸਾਰ ਪਹਿਲਾਂ ਤੋਂ ਤਿਆਰ ਕੀਤੇ ਪੈਟਰੋਲ ਬੰਬਾਂ ਨਾਲ ਘਰਾਂ ਉੱਤੇ ਕੀਤਾ ਹਮਲਾ ਇੱਕ ਅੱਤਵਾਦੀ ਘਟਨਾ ਹੈ। ਉਹਨਾ ਪ੍ਰਸ਼ਾਸਨ ਉੱਤੇ ਗਲਤ ਸੂਚਨਾ ਦੇਣ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜ਼ਖਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਨਹੀਂ ਖੁਦ ਪੀੜਤ ਚੁੱਕ ਰਹੇ ਹਨ। ਪਿ੍ਰੰਟ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਦਰਦਨਾਕ ਸੀਨ ਆਉਣ ਤੋਂ ਰੋਕਣ ਲਈ ਪੁਲਸ ਦੀ ਸਜ਼ਿਸ਼ ਰਚਣ ਵਾਲੇ ਸਰਪੰਚ ਦੇ ਟਰੈਕਟਰ ਵਿੱਚ ਅੱਗ ਨਾਲ ਸੜਿਆ ਸਮਾਨ ਚੁੱਕ ਕੇ ਲੈ ਗਈ।
ਜੋਗਾ ਤੇ ਸੋਹੀ ਨੇ ਦੱਸਿਆ ਕਿ 20 ਜਨਵਰੀ ਨੂੰ ਇੱਕ ਜਨਤਕ ਡੈਪੂਟੇਸ਼ਨ ਡੀ ਸੀ ਬਠਿੰਡਾ ਨੂੰ ਮਿਲ ਕੇ ਪੂਰੇ ਜ਼ੁਲਮ ਦੀ ਦਾਸਤਾਨ ਅਤੇ ਇਕੱਲੇ-ਇਕੱਲੇ ਘਰ ਵਿੱਚ ਮਚਾਈ ਤਬਾਹੀ ਦੇ ਤਫਸੀਲ ਵਿੱਚ ਵੇਰਵੇ ਸੌਂਪੇਗਾ ਤੇ ਉਕਤ ਮੰਗਾਂ ਉੱਤੇ ਜ਼ੋਰ ਦੇਵੇਗਾ।
ਗੁੰਡਿਆਂ ਨੇ ਪੀੜਤ ਵੇਦ ਸਿੰਘ ਦੀ ਪਾਲਤੂ ਗਊ ਦੀ ਧੌਣ ਉੱਤੇ ਤਲਵਾਰ ਨਾਲ ਵਾਰ ਕੀਤੇ ਅਤੇ ਪੀੜਤ ਵੇਦ ਸਿੰਘ ਦੀਆਂ ਡੇਢ ਲੱਖ ਦੀਆਂ 10 ਬੱਕਰੀਆਂ ਤੇ ਇੱਕ ਪਠੋਰਾ ਵੀ ਚੁੱਕ ਕੇ ਲੈ ਗਏ। ਮਜ਼ਲੂਮਾਂ ਦੇ ਇਨਵਰਟਰ, ਸੋਨਾ, ਨਕਦੀ ਤੇ ਸਿਲੰਡਰ ਵੀ ਹਥਿਆਰਾਂ ਦੇ ਜ਼ੋਰ ਨਾਲ ਚੁੱਕ ਕੇ ਲੈ ਗਏ। ਇਹ ਡਾਕਾ ਨਹੀਂ ਤਾਂ ਹੋਰ ਕੀ ਹੈ? ਪੁਲਸ ਇਹਨਾ ਗੱਲਾਂ ਦੀ ਜਾਣ ਬੁਝ ਕੇ ਅਣਦੇਖੀ ਕਰ ਰਹੀ ਹੈ। ਆਗੂਆਂ ਦੋਸ਼ ਲਾਇਆ ਕਿ ਮੁੱਖ ਮੁਲਜ਼ਮ ਮੌਕੇ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਥਿਤ ਪਾਲਤੂ ਗੁੰਡਾ ਤੇ ਗੈਰ-ਕਾਨੂੰਨੀ ਧੰਦੇ ਦਾ ਕਰਿੰਦਾ ਹੈ ਅਤੇ ਹਲਕੇ ਦਾ ਹੁਕਮਰਾਨ ਪਾਰਟੀ ਦਾ ਵਿਧਾਇਕ ਉਸ ਦੀ ਪਿੱਠ ਉੱਤੇ ਹੈ, ਜਿਸ ਨੇ ਸੰਬੰਧਤ ਥਾਣੇ ਵਿੱਚ ਆਪਣਾ ਅਫਸਰ ਇੰਸਪੈਕਟਰ ਲਾਇਆ ਹੋਇਆ ਹੈ। ਇਸੇ ਕਰਕੇ ਘਟਨਾ ਵਾਲੀ ਸਾਰੀ ਰਾਤ ਜ਼ੁਲਮ ਹੁੰਦਾ ਰਿਹਾ, ਪਰ ਪੁਲਸ ਨਹੀਂ ਪਹੁੰਚੀ ਤੇ ਦੂਜੇ ਦਿਨ ਵੀ ਤੀਜੇ ਪਹਿਰ ਪੁਲਸ ਘਟਨਾ ਸਥਾਨ ਉੱਤੇ ਪਹੁੰਚੀ ਅਤੇ ਹੁਣ ਘਟਨਾ ਨੂੰ ਨਿੱਜੀ ਰੰਜਿਸ਼ ਦਾ ਰੂਪ ਦੇਣ ਵਿੱਚ ਲੱਗੀ ਹੋਈ ਹੈ ਅਤੇ ਮੁੱਖ ਮੁਲਜ਼ਮ ਦੇ ਗਵਾਂਢੀ ਪਿੰਡਾਂ ਦੇ ਮੁੰਡਿਆਂ ਨਾਲ ਹੋਏ ਝਗੜੇ ਵਿੱਚ ਵੱਜੀਆਂ ਪੁਰਾਣੀਆਂ ਸੱਟਾਂ ਨੂੰ ਹੁਣ ਦੀ ਘਟਨਾ ਨਾਲ ਜੋੜ ਰਹੀ ਹੈ। ਮੁਲਜ਼ਮਾਂ ਦੀਆਂ ਪੁਲਸ ਕਸਟਡੀ ਵਿੱਚ ਪੱਤਰਕਾਰਾਂ ਨਾਲ ਇੰਟਰਵਿਊਆਂ ਕਰਵਾ ਕੇ ਉਹਨਾਂ ਨਾਲ ਵੀ ਆਈ ਪੀ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ।
ਪਿੰਡ ਵਾਸੀਆਂ ਦੱਸਿਆ ਕਿ ਪੁਲਸ ਦੀ ਮੁੱਖ ਮੁਲਜ਼ਮ ਦੇ ਘਰ ਅੰਦਰ ਮੌਜੂਦਗੀ ਵਿੱਚ ਉਸ ਦੇ ਮੇਨ ਗੇਟ ਉੱਤੇ ਕੱਟ ਲਾਏ ਗਏ, ਤਾਂ ਕਿ ਨਿੱਜੀ ਲੜਾਈ ਦਾ ਰੂਪ ਦੇ ਕੇ ਗੁੰਡਿਆਂ ਦਾ ਬਚਾਓ ਕੀਤਾ ਜਾ ਸਕੇ। ਕਮਿਊਨਿਸਟ ਆਗੂ ਜੋਗਾ ਨੇ ਦੱਸਿਆ ਕਿ ਪੀੜਤਾਂ ਦੇ ਕੇਸ ਨੂੰ ਮਜ਼ਬੂਤ ਕਰਨ ਤੇ ਫਰੀ ਅਦਾਲਤੀ ਪੈਰਵੀ ਲਈ ਸੀਨੀਅਰ ਵਕੀਲ ਸੁਰਜੀਤ ਸਿੰਘ ਸੋਹੀ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਪੈਨਲ ਬਣਾ ਦਿੱਤਾ ਗਿਆ ਹੈ, ਜਿਸ ਵਿੱਚ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ ਤੇ ਸਾਬਕਾ ਸਕੱਤਰ ਜਗਮੀਤ ਸਿੰਘ ਸ਼ਾਮਲ ਹਨ।
ਜਾਇਜ਼ਾ ਲੈਣ ਲਈ ਪਿੰਡ ਪਹੁੰਚੀ 13 ਮੈਂਬਰੀ ਟੀਮ ਵਿੱਚ ਜਗਜੀਤ ਸਿੰਘ ਜੋਗਾ ਤੇ ਸੁਰਜੀਤ ਸਿੰਘ ਸੋਹੀ ਤੋਂ ਇਲਾਵਾ ਕਾਕਾ ਸਿੰਘ ਬਠਿੰਡਾ, ਜਸਵੀਰ ਕੌਰ ਸਰਾਂ, ਬਲਜਿੰਦਰ ਸਿੰਘ ਜੋਗਾਨੰਦ, ਹਰਦੇਵ ਸਿੰਘ, ਚੰਦ ਸਿੰਘ ਬੰਗੀ, ਜਗਦੇਵ ਸਿੰਘ ਜੰਡਾਂਵਾਲਾ, ਮਿਠੂ ਸਿੰਘ ਬੀੜ ਤਲਾਬ, ਹਰਬੰਸ ਸਿੰਘ ਜੋਧਪੁਰ ਰੁਮਾਣਾ, ਮਿੱਠੂ ਸਿੰਘ ਬੰਗੀ ਕਲਾਂ, ਗੁਰਦੇਵ ਸਿੰਘ ਸਿੱਧੂ ਤੇ ਛਿੰਦਾ ਸਿੰਘ ਸ਼ਾਮਲ ਹੋਏ।