ਲੰਘੇ ਸਨਿੱਚਰਵਾਰ ਇੰਦੌਰ ਵਿੱਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਵਿੱਚ ਕਾਮੇਡੀਅਨ ਪੁਲਕਿਤ ਮਨੀ ਨੇ ਰਾਹੁਲ ਗਾਂਧੀ ਨੂੰ ਆਪਣੇ ਸਹਾਰੇ ਵਜੋਂ ਵਰਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ਵ ਨੇਤਾਵਾਂ ਨੂੰ ਜੱਫੀ ਪਾਉਣ ਦੀ ਆਦਤ ਅਤੇ ਬੱਚਿਆਂ ਨਾਲ ਖੇਡਣ ਦੇ ਤਰੀਕੇ ਦੀ ਨਕਲ ਕੀਤੀ ਸੀ। ਉਸ ਨੇ 2024 ਦੀ ਹਾਵੜਾ ਰੈਲੀ ਵਿੱਚ ਮੋਦੀ ਵੱਲੋਂ ਸਰੋਤਿਆਂ ਨੂੰ ਇੱਕ ਬਜ਼ੁਰਗ ਮਾਤਾ ਨੂੰ ਕੁਰਸੀ ਦੇਣ ਲਈ ਕਹਿਣ ਦੇ ਤਰੀਕੇ ਦਾ ਵੀ ਮਜ਼ਾਕ ਉਡਾਇਆ। ਕੁਦਰਤੀ ਸੀ ਕਿ ਹੁਕਮਰਾਨਾਂ ਨੂੰ ਇਸ ‘ਤੇ ਗੁੱਸਾ ਆਉਣਾ ਸੀ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਨ੍ਹਾਂ ਟਿੱਪਣੀਆਂ ਨੂੰ ਘਟੀਆ ਦੱਸਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਦੀ ਮਾਂ ਦਾ ਅਪਮਾਨ ਕਰਨ ਦੇ ਬਰਾਬਰ ਦੱਸ ਦਿੱਤਾ। ਹਾਲਾਂਕਿ ਕਾਮੇਡੀਅਨ ਨੇ ਬੰਗਾਲ ਦੀ ਮਾਤਾ ਦੀ ਘਟਨਾ ਦਾ ਹਵਾਲਾ ਦਿੱਤਾ ਸੀ।
ਰਾਹੁਲ ਗਾਂਧੀ ਨੇ ਆਪਣੀ ਤਰਫੋਂ ਕੋਈ ਟਿੱਪਣੀ ਨਹੀਂ ਕੀਤੀ, ਪਰ ਭਾਜਪਾ ਆਗੂ ਕਾਮੇਡੀਅਨ ਦੀ ਥਾਂ ਰਾਹੁਲ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਉਹ ਇਹ ਭੁੱਲ ਰਹੇ ਹਨ ਕਿ ਮੋਦੀ ਨੇ 2004 ਵਿੱਚ ਸੋਨੀਆ ਗਾਂਧੀ ਨੂੰ ‘ਜਰਸੀ ਗਾਂ’ ਅਤੇ ਰਾਹੁਲ ਗਾਂਧੀ ਨੂੰ ‘ਦੋਨਸਲਾ ਵੱਛਾ’ ਕਿਹਾ ਸੀ। 2012 ਵਿੱਚ ਉਨ੍ਹਾ ਤੱਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਮੌਨਮੋਹਨ’ ਕਿਹਾ ਅਤੇ 2013 ਅਤੇ 2014 ਵਿੱਚ ਭਾਜਪਾ ਲੋਕਾਂ ਨੂੰ ਮਨਮੋਹਨ ਸਿੰਘ ਵਰਗਾ ਪਹਿਰਾਵਾ ਪੁਆਉਂਦੀ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਣ ਲਈ ਘੁੰਮਾਉਂਦੀ ਸੀ। 2012 ਵਿੱਚ ਮੋਦੀ ਨੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਨੂੰ 50 ਕਰੋੜ ਦੀ ਪ੍ਰੇਮਿਕਾ ਵਜੋਂ ਦਰਸਾਇਆ। 2018 ਵਿੱਚ ‘ਕਾਂਗਰਸ ਦੀ ਵਿਧਵਾ’ ਦਾ ਉਨ੍ਹਾ ਦਾ ਬਿਆਨ ਸੋਨੀਆ ਗਾਂਧੀ ‘ਤੇ ਇੱਕ ਮਜ਼ਾਕ ਵਜੋਂ ਵਿਆਪਕ ਤੌਰ ‘ਤੇ ਦੇਖਿਆ ਗਿਆ ਸੀ। ਉਨ੍ਹਾ 2019 ਵਿੱਚ ਰਾਹੁਲ ਦਾ ਮਜ਼ਾਕ ਉਡਾਉਣ ਲਈ ਡਿਸਲੈਕਸੀਆ ਬਾਰੇ ਸਕੂਲੀ ਬੱਚਿਆਂ ਨਾਲ ਗੱਲਬਾਤ ਦੀ ਵਰਤੋਂ ਕੀਤੀ। 2021 ਦੀਆਂ ਬੰਗਾਲ ਚੋਣਾਂ ਦੌਰਾਨ ਮੋਦੀ ਨੇ ਗਲੀ ਦੇ ਸ਼ੋਹਦਿਆਂ ਵਾਂਗ ਮਮਤਾ ਬੈਨਰਜੀ ਨੂੰ ‘ਦੀਦੀ-ਓ-ਦੀਦੀ’ ਕਿਹਾ। ਹੁਣ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਮਹੂਆ ਮੋਇਤਰਾ ਦਾ ਕਹਿਣਾ ਹੈ ਕਿ ਮੋਦੀ ਬਾਰੇ ਕੀਤੇ ਜਾ ਰਹੇ ਮਜ਼ਾਕ ਬਹੁਤ ਹੀ ਜ਼ਰੂਰੀ ਤੇ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਵਰਤਾਰਾ ਹੈ। ਬਿਨਾਂ ਕਿਸੇ ਡਰ ਦੇ ਪ੍ਰਧਾਨ ਮੰਤਰੀ ਨੂੰ ਠੋਕਣਾ ਇੱਕ ਲੋਕਤੰਤਰੀ ਅਧਿਕਾਰ ਹੈ, ਜਿਸ ਤੋਂ ਭਾਰਤੀਆਂ ਨੂੰ ਲੰਮੇ ਸਮੇਂ ਤੋਂ ਮਹਿਰੂਮ ਰੱਖਿਆ ਗਿਆ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਨੂੰ ਵੀ ਉਹੀ ਸਲੂਕ ਭੁਗਤਣਾ ਪਵੇਗਾ, ਜੋ ਉਸ ਨੇ ਦੂਜਿਆਂ ਨਾਲ ਕੀਤਾ। ਹੁਣ ਉਹ ਸਤਿਕਾਰ ਅਤੇ ਮਾਣ ਦੀ ਗੱਲ ਕਰ ਰਹੀ ਹੈ।
ਮੋਦੀ ਦੀ ਜੀਵਨੀ ਲਿਖਣ ਵਾਲੇ ਨੀਲਾਂਜਨ ਮੁਖੋਪਾਧਿਆਏ ਵੀ ਮੰਨਦੇ ਹਨ ਕਿ ਇਹ ਮੋਦੀ ਹੀ ਹਨ, ਜਿਨ੍ਹਾ ਨੇ ਬਹੁਤ ਜ਼ਿਆਦਾ ਨਿੱਜੀ ਹਮਲਿਆਂ ਨਾਲ ਲੱਕ ਤੋਂ ਹੇਠਾਂ ਵਾਰ ਕੀਤੇ। ਇਸ ਸਭ ਤੋਂ ਬਾਅਦ ਇਹ ਕਹਿਣਾ ਕਿ ਰਾਹੁਲ ਨੇ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਬਦਨਾਮ ਕੀਤਾ ਹੈ, ਵਾਜਬ ਨਹੀਂ ਲਗਦਾ। ਮੋਦੀ ਨੇ ਹੀ ਸਿਆਸੀ ਨੈਤਿਕਤਾ ਨੂੰ ਪਤਿਤ ਕੀਤਾ ਅਤੇ ਹੁਣ ਦੂਜੇ ਵੀ ਉਸੇ ਸਿੱਕੇ ਨਾਲ ਜਵਾਬ ਦੇ ਰਹੇ ਹਨ। 20 ਜੁਲਾਈ (ਪੇਪਰ ਲੀਕ ਵਿਰੋਧ ਪ੍ਰਦਰਸ਼ਨ) ਤੋਂ ਬਾਅਦ ਲੋਕ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾ ਰਹੇ ਹਨ, ਇਹ ਅਸਲ ਵਿੱਚ ਭਾਜਪਾ ਨੂੰ ਸੱਟ ਮਾਰ ਰਿਹਾ ਹੈ…ਇਹ ਪ੍ਰਧਾਨ ਮੰਤਰੀ ਦੇ ਅਕਸ ਨੂੰ ਕਮਜ਼ੋਰ ਕਰ ਰਿਹਾ ਹੈ, ਪਰ ਇਹ ਕਹਿਣਾ ਬਹੁਤ ਜਲਦੀ ਹੋਵੇਗੀ ਕਿ ਲੋਕ ਮਖੌਲੀਆਂ ਕਾਰਨ ਭਾਜਪਾ ਨੂੰ ਵੋਟ ਨਹੀਂ ਦੇਣਗੇ। ਸਿਆਸੀ ਲੜਾਈ ਦੀ ਵੀ ਮਰਿਆਦਾ ਹੁੰਦੀ ਹੈ। ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਵਾਲੇ ਲੋਕਤੰਤਰੀ ਦੇਸ਼ ਵਿੱਚ ਸਿਹਤਮੰਦ ਮਜ਼ਾਕ ਕਰਨਾ ਮਾੜੀ ਗੱਲ ਨਹੀਂ, ਪਰ ਨਿੱਜੀ ਹਮਲੇ ਸ਼ੋਭਾ ਨਹੀਂ ਦਿੰਦੇ। ਭਾਸ਼ਾ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ ਤੇ ਇਸ ਦੀ ਮੁੱਖ ਜ਼ਿੰਮੇਵਾਰੀ ਦੇਸ਼ ਦੇ ਮੁਖੀਆ ਦੀ ਹੈ। ਆਪੋਜ਼ੀਸ਼ਨ ਆਗੂਆਂ ਨੂੰ ਵੀ ਭਾਸ਼ਾ ਦੀ ਮਰਿਆਦਾ ਬਣਾਈ ਰੱਖਣੀ ਚਾਹੀਦੀ ਹੈ।



