ਜਲੰਧਰ (ਕੇਸਰ, ਰਾਜੇਸ਼ ਥਾਪਾ)
ਆਲ ਇੰਡੀਆ ਕਿਸਾਨ ਮਹਾਂ ਸਭਾ ਦੀ ਇਥੇ ਚੱਲ ਰਹੀ ਦੋ ਰੋਜ਼ਾ ਪੰਜਵੀਂ ਕੌਮੀ ਕਾਨਫਰੰਸ 20-21 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਪੂਰਨ ਸਫਲਤਾ ਨਾਲ ਸੰਪੰਨ ਹੋਈ।
ਇਸ ਕੌਮੀ ਕਾਨਫਰੰਸ ਵਿੱਚ ਵੀਹ ਪ੍ਰਾਂਤਾਂ ਦੇ ਇਕ ਹਜ਼ਾਰ ਦੇ ਕਰੀਬ ਡੈਲੀਗੇਟ ਸ਼ਾਮਲ ਹੋਏ. ਕਾਨਫਰੰਸ ਨੇ ਸਰਬਸੰਮਤੀ ਨਾਲ 147 ਮੈਂਬਰੀ ਕੌਮੀ ਕੌਂਸਲ ਅਤੇ 57 ਮੈਂਬਰੀ ਕੌਮੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ। ਕੌਮੀ ਕੌਂਸਲ ਨੇ ਸੰਖੇਪ ਮੀਟਿੰਗ ਕਰਕੇ ਉੱਘੇ ਕਿਸਾਨ ਘੁਲਾਟੀਏ ਡਾ. ਸਤਨਾਮ ਸਿੰਘ ਅਜਨਾਲਾ ਨੂੰ ਕੌਮੀ ਪ੍ਰਧਾਨ ਅਤੇ ਪ੍ਰਸ਼ੋਤਮ ਸ਼ਰਮਾ ਨੂੰ ਆਪਣਾ ਜਨਰਲ ਸਕੱਤਰ ਚੁਣਿਆ। ਇਸ ਤੋਂ ਇਲਾਵਾ ਅੱਠ ਸੀਨੀਅਰ ਕਿਸਾਨ ਆਗੂਆਂ ਨੂੰ ਵਿਸ਼ੇਸ਼ ਇਨਵਾਇਟੀ ਵੀ ਨਿਯੁਕਤ ਕੀਤਾ ਗਿਆ।
ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਸਖ਼ਤ ਬਿਮਾਰ ਹੋਣ ਕਾਰਨ ਕਾਨਫਰੰਸ ਵਿੱਚ ਪੂਰਾ ਸਮਾਂ ਹਾਜ਼ਰ ਨਹੀਂ ਰਹਿ ਸਕੇ, ਪਿਛਲੇ ਜਨਰਲ ਸਕੱਤਰ ਤੇ ਲੋਕ ਸਭਾ ਦੇ ਮੈਂਬਰ ਰਾਜਾ ਰਾਮ ਸਿੰਘ ਨੇ ਆਪਣੇ ਸਮਾਪਨ ਭਾਸ਼ਣ ਦੌਰਾਨ ਭਾਰਤੀ ਹਾਕਮ ਵਰਗਾਂ ਦੇ ਅੱਜ ਤੱਕ ਦੇ ਸਭ ਤੋਂ ਵਫਾਦਾਰ ਚਾਕਰ ਨਰਿੰਦਰ ਮੋਦੀ ਵੱਲੋਂ ਸਾਮਰਾਜੀ ਲੋਟੂਆਂ, ਖਾਸ ਕਰਕੇ ਅਮਰੀਕਾ ਨਾਲ ਅਸਾਵੀਆਂ ਸ਼ਰਤਾਂ ਤਹਿਤ ਕੀਤੀਆਂ ਜਾ ਰਹੀਆਂ ‘ਕਰ ਮੁਕਤ ਵਪਾਰ ਸੰਧੀਆਂ’ ਖਿਲਾਫ਼ ਆਰਪਾਰ ਦਾ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਹੈ। ਸਾਥੀ ਸਿੰਘ ਨੇ ਕਿਹਾ ਹੈ ਕਿ ਉਕਤ ਸਮਝੌਤੇ ਰੁਜ਼ਗਾਰ ਦੇ ਸਭ ਤੋਂ ਵੱਡੇ ਸ੍ਰੋਤ ਭਾਰਤ ਦੀ ਖੇਤੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਅਤੇ ਪ੍ਰਚੂਨ ਵਪਾਰ ਦੀ ਹੋਂਦ ਮਿਟਾ ਦੇਣ ਦਾ ਸੰਦ ਹਨ। ਉਨ੍ਹਾ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਉਕਤ ਸੰਧੀਆਂ ਭਾਰਤ ਦੀ ਆਜ਼ਾਦ ਹੋਂਦ ਅਤੇ ਖੁਦਮੁਖਤਾਰੀ ਲਈ ਵੀ ਗੰਭੀਰ ਖਤਰਾ ਹਨ। ਉਨ੍ਹਾ ਜ਼ੋਰ ਦਿੰਦਿਆਂ ਕਿਹਾ ਕਿ ਫੈਸਲਾਕੁੰਨ ਜਿੱਤਾਂ ਹਾਸਲ ਕਰਨ ਲਈ ਕਿਸਾਨ ਅੰਦੋਲਨ ਨੂੰ ਦੇਸ਼ ਦੇ ਬਾਕੀ ਮਿਹਨਤਕਸ਼ਾਂ, ਖਾਸ ਕਰਕੇ ਸਨਅਤੀ ਤੇ ਗੈਰ ਸੰਗਠਿਤ ਕਾਮਿਆਂ ਤੇ ਪਿੰਡਾਂ ‘ਚ ਵਸਦੇ ਕਿਰਤੀਆਂ ਤੇ ਖੇਤ ਮਜ਼ਦੂਰਾਂ ਨਾਲ ਪੀਢੀ ਸਾਂਝ ਪਾਉਣੀ ਹੋਵੇਗੀ। ਇਸ ਮਕਸਦ ਲਈ ਹਰ ਰੰਗ ਦੇ ਫੁੱਟ ਪਾਊਆਂ, ਵਿਸ਼ੇਸ਼ ਕਰਕੇ ਆਰ ਐੱਸ ਐਸ ਦੀ ਅਗਵਾਈ ਵਾਲੇ ਫਿਰਕੂ-ਫਾਸ਼ੀ-ਮੰਨੂਵਾਦੀ ਟੋਲਿਆਂ ਦੀ ਤਬਾਹਕੁੰਨ ਵਿਚਾਰਧਾਰਾ ਖਿਲਾਫ ਸਾਨੂੰ ਘਰ-ਘਰ ਅਲਖ ਜਗਾਉਣੀ ਹੋਵੇਗੀ। ਉਨ੍ਹਾ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦੀ ਵਿਸ਼ਾਲ ਬਹੁ-ਗਿਣਤੀ ਵਸੋਂ ਨੂੰ ਕੰਗਾਲ ਕਰਕੇ ਮੁੱਠੀ-ਭਰ ਧਨਾਢਾਂ ਦੇ ਹਿੱਤ ਪੂਰਨ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਖਿਲਾਫ ਯੁੱਧ ਪ੍ਰਚੰਡ ਕੀਤੇ ਬਗੈਰ ਕਿਸਾਨ ਲਹਿਰ ਆਪਣੇ ਮਿਥੇ ਟੀਚੇ ਕਦੀ ਵੀ ਹਾਸਲ ਨਹੀਂ ਕਰ ਸਕੇਗੀ। ਸਾਥੀ ਸਿੰਘ ਨੇ ਕਿਸਾਨ ਲਹਿਰ ਨੂੰ ਲੋਕਾਂ ਦੀ ਹੋਂਦ ਨਾਲ ਜੁੜੇ ਸਿਆਸੀ ਸਵਾਲਾਂ ਤੋਂ ਬੇਮੁੱਖ ਕਰਨ ਵਾਲੇ ਅਖੌਤੀ ਕਿਸਾਨ ਸੰਗਠਨਾਂ ਨੂੰ ਵੀ ਕਰੜੇ ਹੱਥੀਂ ਲਿਆ।
ਨਵੇਂ ਚੁਣੇ ਗਏ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਭਰੋਸਾ ਦਿਵਾਇਆ ਕਿ ਸੰਮੇਲਨ ਦੌਰਾਨ ਉਭਰ ਕੇ ਆਈ ਭਾਵਨਾ ਦੇ ਅਨੁਰੂਪ ਸੰਗਠਨ ਦੇ ਦੇਸ਼ ਭਰ ‘ਚ ਪਸਾਰ ਅਤੇ ਮਜ਼ਬੂਤੀ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਪ੍ਰਸ਼ੋਤਮ ਸ਼ਰਮਾ ਨੇ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਲਈ ਇਸਤਰੀਆਂ ਅਤੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਲਈ ਠੋਸ ਯੋਜਨਾਬੰਦੀ ਉਲੀਕੀ ਜਾਵੇਗੀ। ਜ਼ੋਰਦਾਰ, ਆਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ਦਰਮਿਆਨ ਪ੍ਰਧਾਨਗੀ ਮੰਡਲ ਵੱਲੋਂ ਪੰਜਵੀਂ ਕੌਮੀ ਕਾਨਫਰੰਸ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ।





