ਢਾਈ ਸੌ ਦਾ ਦੁੱਧ ਡੁੱਲ੍ਹਿਆ, ਰਾਹੁਲ ਖਿਲਾਫ ਸ਼ਿਕਾਇਤ

0
93

ਸਮਸਤੀਪੁਰ : ਭਾਜਪਾ ਤੇ ਆਰ ਐੱਸ ਐੱਸ ਵੱਲੋਂ ਅਦਾਰਿਆਂ ’ਤੇ ਕਬਜ਼ੇ ਕਰਨ ਅਤੇ ਇੰਡੀਅਨ ਸਟੇਟ ਖਿਲਾਫ ਲੜਾਈ ਬਾਰੇ ਟਿੱਪਣੀਆਂ ਨੂੰ ਲੈ ਕੇ ਰਾਹੁਲ ਗਾਂਧੀ ਖਿਲਾਫ ਬਿਹਾਰ ਦੇ ਇਸ ਸ਼ਹਿਰ ’ਚ ਲੰਘੇ ਸ਼ਨਿੱਚਰਵਾਰ ਅਦਾਲਤ ’ਚ ਇੱਕ ਅਜੀਬ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤਕਰਤਾ ਮੁਕੇਸ਼ ਕੁਮਾਰ ਚੌਧਰੀ ਨੇ ਦੋਸ਼ ਲਾਇਆ ਕਿ ਰਾਹੁਲ ਨੇ ਦਿੱਲੀ ਵਿੱਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਦੇ ਉਦਘਾਟਨ ਵੇਲੇ ਜੋ ਭਾਸ਼ਣ ਦਿੱਤਾ, ਉਸ ਨੂੰ ਸੁਣਦਿਆਂ ਉਸ ਨੂੰ ਠੇਸ ਪੁੱਜੀ, ਮਾਨਸਿਕ ਪੀੜਾ ਤੇ ਘਬਰਾਹਟ ਹੋਈ, ਜਿਸ ਕਰਕੇ ਉਸ ਦੇ ਹੱਥ ਵਿੱਚ ਫੜੀ ਦੁੱਧ ਦੀ ਬਾਲਟੀ ਡਿੱਗ ਪਈ ਤੇ ਉਸ ਦਾ ਢਾਈ ਸੌ ਰੁਪਏ ਦਾ ਨੁਕਸਾਨ ਹੋ ਗਿਆ। ਰੋਸੇਰਾ ਦੀਵਾਨੀ ਅਦਾਲਤ ’ਚ ਦਿੱਤੀ ਸ਼ਿਕਾਇਤ ’ਚ ਚੌਧਰੀ ਨੇ ਕਿਹਾ ਹੈ ਕਿ ਰਾਹੁਲ ਦੀ ਇਸ ਟਿੱਪਣੀ ਲਈ ਉਨ੍ਹਾ ਵਿਰੁੱਧ ਕਾਰਵਾਈ ਕੀਤੀ ਜਾਵੇ ਕਿ ਉਸ ਦੀ ਲੜਾਈ ਭਾਜਪਾ, ਆਰ ਐੱਸ ਐੱਸ ਤੇ ਇੰਡੀਅਨ ਸਟੇਟ ਨਾਲ ਹੈ। ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਸੋਨੂੰਪੁਰ ਦੇ ਚੌਧਰੀ ਨੇ ਦੋਸ਼ ਲਾਇਆ ਹੈ ਕਿ ਰਾਹੁਲ ਨੇ ਭਾਰਤ ਦੇ ਸਿਆਸੀ ਸਿਸਟਮ ਖਿਲਾਫ ਭੜਕਾਊ ਭਾਸ਼ਣ ਦਿੱਤਾ। ਘਰ ਵਿੱਚ ਟੀ ਵੀ ’ਤੇ ਭਾਸ਼ਣ ਸੁਣ ਕੇ ਇਕ ਭਾਰਤੀ ਹੋਣ ਦੇ ਨਾਤੇ ਉਸ ਦੇ ਦਿਲ ਨੂੰ ਬਹੁਤ ਸੱਟ ਵੱਜੀ। ਉਸ ਨੇ ਸ਼ਿਕਾਇਤ ’ਚ ਕਿਹਾ ਹੈਜਦੋਂ ਮੈਂ ਰਾਹੁਲ ਦਾ ਇੰਡੀਅਨ ਸਟੇਟ ਖਿਲਾਫ ਬਿਆਨ ਦੇਖਿਆ, ਮੈਂ ਘਬਰਾ ਗਿਆ ਤੇ ਮੇਰੇ ਹੱਥੋਂ ਪੰਜ ਲੀਟਰ ਦੁੱਧ ਦੀ ਬਾਲਟੀ ਸਲਿੱਪ ਕਰ ਗਈ ਅਤੇ ਮੇਰਾ ਢਾਈ ਸੌ ਰੁਪਏ ਦਾ ਨੁਕਸਾਨ ਹੋ ਗਿਆ। ਬਿਆਨ ਨੇ ਮੈਨੂੰ ਅਸੁਰੱਖਿਅਤ ਤੇ ਪ੍ਰੇਸ਼ਾਨ ਕਰ ਦਿੱਤਾ।