ਕੁਆਡ ਮੁਲਕਾਂ ਵੱਲੋਂ ਚੀਨ ਨੂੰ ਚੇਤਾਵਨੀ

0
31

ਨਵੀਂ ਦਿੱਲੀ : ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਵਧਦੀਆਂ ਸਰਗਰਮੀਆਂ ’ਤੇ ਹਮਲਾਵਰ ਰੁਖ ਦਰਮਿਆਨ ‘ਕੁਆਡ’ ਮੁਲਕਾਂ ਦੇੇ ਵਿਦੇਸ਼ ਮੰਤਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਖਿੱਤੇ ਦੀ ਮੌਜੂਦਾ ਸਥਿਤੀ ’ਚ ਬਦਲਾਅ ਦੀ ਕਿਸੇ ਵੀ ਇਕਤਰਫਾ ਕੋਸ਼ਿਸ਼ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰਨਗੇ। ‘ਕੁਆਡ’ ਵਿੱਚ ਸ਼ਾਮਲ ਚਾਰ ਮੁਲਕਾਂ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਨੇ ਕਿਹਾ ਕਿ ਉਹ ਕੌਮਾਂਤਰੀ ਕਾਨੂੰਨਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਲਫਦਾਰੀ ਸਮਾਗਮ ਤੋਂ ਇਕ ਦਿਨ ਮਗਰੋਂ ‘ਕੁਆਡ’ ਦੇ ਵਿਦੇਸ਼ ਮੰਤਰੀਆਂ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਡੀ ਸੀ ਵਿੱਚ ਬੈਠਕ ਕੀਤੀ। ਬੈਠਕ ਵਿਚ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਭਾਰਤ ਦੇ ਐੱਸ ਜੈਸ਼ੰਕਰ, ਆਸਟਰੇਲੀਆ ਦੇ ਪੈਨੀ ਵੌਂਗ ਤੇ ਜਾਪਾਨ ਦੇ ਇਵਾਇਆ ਤਾਕੇਸ਼ੀ ਸ਼ਾਮਲ ਸਨ।
ਵਿਦੇਸ਼ ਮੰਤਰੀਆਂ ਨੇ ਚੀਨ ਨੂੰ ਇਹ ਸਪੱਸ਼ਟ ਸੰਦੇਸ਼ ਅਜਿਹੇ ਮੌਕੇ ਦਿੱਤਾ ਹੈ ਜਦੋਂ ਬੀਜਿੰਗ ਆਪਣੇ ਖੇਤਰੀ ਦਾਅਵਿਆਂ ਤੇ ਖੇਤਰੀ ਗਤੀਸ਼ੀਲਤਾ ਨੂੰ ਪ੍ਰਭਾਵਤ ਕਰਨ ਲਈ ਸਮੁੰਦਰ, ਖਾਸ ਤੌਰ ’ਤੇ ਦੱਖਣੀ ਚੀਨ ਸਾਗਰ ’ਚ ਜ਼ੋਰ ਜ਼ਬਰਦਸਤੀ ਵਾਲੀਆਂ ਜੁਗਤਾਂ ਦੀ ਵਰਤੋਂ ਕਰ ਰਿਹਾ ਹੈ। ਇਨ੍ਹਾਂ ਜੁਗਤਾਂ ’ਚ ਵਿਵਾਦਤ ਪਾਣੀਆਂ ਅੰਦਰ ‘ਸਮੁੰਦਰੀ ਮਿਲੀਸ਼ੀਆ’ ਜ਼ਰੀਏ ਦੂਜੇ ਦੇਸ਼ਾਂ ਦੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅਤੇ ਤੱਟ ਰੱਖਿਅਕ ਜਹਾਜ਼ਾਂ ਨੂੰ ਡਰਾਉਣਾ ਅਤੇ ਪ੍ਰੇਸ਼ਾਨ ਕਰਨਾ ਸ਼ਾਮਲ ਹੈ।
ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਚਾਰ ਮੁਲਕਾਂ ਵੱਲੋਂ ‘ਕੁਆਡ’ ਨੂੰ ਅੱਗੇ ਲਿਜਾਣ ਦੀ ਯੋਜਨਾ ਬਾਰੇ ਦੱਸਿਆ ਗਿਆ।
ਬਿਆਨ ਵਿਚ ਕਿਹਾ ਗਿਆਸਾਡੇ ਚਾਰ ਦੇਸ਼ਾਂ ਦਾ ਇੱਕ ਦੂਜੇ ’ਤੇ ਵਿਸ਼ਵਾਸ ਸਾਗਰੀ ਖੇਤਰ ਸਮੇਤ ਸਾਰੇ ਖੇਤਰਾਂ ’ਚ ਕੌਮਾਂਤਰੀ ਕਾਨੂੰਨ, ਆਰਥਿਕ ਮੌਕੇ, ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਸਣੇ ਹਿੰਦ ਪ੍ਰਸ਼ਾਂਤ ਦੇ ਲੋਕਾਂ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਦਰਸਾਉਂਦਾ ਹੈ। ਚੀਨ ਦੇ ਹਵਾਲੇ ਨਾਲ ਬਿਆਨ ’ਚ ਕਿਹਾ ਗਿਆਅਸੀਂ ਕਿਸੇ ਵੀ ਇੱਕਪਾਸੜ ਕਾਰਵਾਈ, ਜੋ ਤਾਕਤ ਜਾਂ ਜ਼ੋਰ ਜ਼ਬਰਦਸਤੀ ਨਾਲ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ, ਦਾ ਵਿਰੋਧ ਕਰਦੇ ਹਾਂ। ਅਸੀਂ ਇੱਕ ਆਜ਼ਾਦ ਅਤੇ ਮੋਕਲੇ ਹਿੰਦ-ਪ੍ਰਸ਼ਾਂਤ ਨੂੰ ਮਜ਼ਬੂਤ ਕਰਨ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜਿੱਥੇ ਕਾਨੂੰਨ ਦੇ ਸ਼ਾਸਨ, ਜਮਹੂਰੀ ਕਦਰਾਂ-ਕੀਮਤਾਂ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ।
‘ਕੁਆਡ’ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਉਹ ਵਧ ਰਹੇ ਖਤਰਿਆਂ ਦੇ ਮੱਦੇਨਜ਼ਰ ਖੇਤਰੀ ਸਾਗਰੀ, ਆਰਥਿਕ ਅਤੇ ਤਕਨਾਲੋਜੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ ਭਰੋਸੇਮੰਦ ਤੇ ਲਚਕੀਲੀ ਸਪਲਾਈ ਚੇਨ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾਅਸੀਂ ਆਉਣ ਵਾਲੇ ਮਹੀਨਿਆਂ ’ਚ ‘ਕੁਆਡ’ ਦੇ ਕੰਮ ਨੂੰ ਅੱਗੇ ਵਧਾਉਣ ਦੀ ਉਮੀਦ ਰੱਖਦੇ ਹਾਂ ਅਤੇ ਭਾਰਤ ਦੁਆਰਾ ਮੇਜ਼ਬਾਨੀ ਕੀਤੇ ਜਾਣ ਵਾਲੇ ਅਗਲੇ ‘ਕੁਆਡ’ ਆਗੂਆਂ ਦੇ ਸੰਮੇਲਨ ਦੀ ਤਿਆਰੀ ਕਰਦੇ ਹੋਏ ਨਿਯਮਤ ਤੌਰ ’ਤੇ ਮਿਲਾਂਗੇ।