ਨਵੀਂ ਦਿੱਲੀ : ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਮੱਧ ਵਰਗ ਲਈ ਸੱਤ ਨੁਕਤਿਆਂ ਵਾਲਾ ‘ਮੈਨੀਫੈਸਟੋ’ ਜਾਰੀ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਮੱਧ ਵਰਗ ਨੂੰ ਨਜ਼ਰਅੰਦਾਜ਼ ਕੀਤਾ ਤੇ ਇਹ ਵਰਗ ‘ਟੈਕਸ ਦਹਿਸ਼ਤਗਰਦੀ’ ਦਾ ਸ਼ਿਕਾਰ ਹੈ। ਕੇਜਰੀਵਾਲ ਨੇ ਇੱਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਮੱਧ ਵਰਗ ਭਾਰਤੀ ਅਰਥਚਾਰੇ ਦੀ ਅਸਲ ਸੁਪਰਪਾਵਰ ਹੈ, ਪਰ ਇਸ ਵਰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਮਹਿਜ਼ ਟੈਕਸਾਂ ਦੀ ਉਗਰਾਹੀ ਲਈ ਇਨ੍ਹਾਂ ਦਾ ਸ਼ੋਸ਼ਣ ਹੋਇਆ। ਕੇਜਰੀਵਾਲ ਨੇ ਐਲਾਨ ਕੀਤਾ ਕਿ ਉਨ੍ਹਾ ਦਾ ਸੱਤ ਨੁਕਤਿਆਂ ਵਾਲਾ ਇਹ ਚਾਰਟਰ ਮੱਧ ਵਰਗ ਦੇ ਫਿਕਰਾਂ ਨੂੰ ਮੁਖਾਤਿਬ ਹੈ। ਇਨ੍ਹਾਂ ਵਿਚ ਸਿੱਖਿਆ ਬਜਟ ਨੂੰ ਮੌਜੂਦਾ 2 ਫੀਸਦ ਤੋਂ ਵਧਾ ਕੇ 10 ਫੀਸਦ ਕਰਨ ਤੇ ਨਿੱਜੀ ਸਕੂਲਾਂ ਦੀ ਫੀਸ ਸੀਮਾ ਨਿਰਧਾਰਤ ਕਰਨ ਦੀਆਂ ਮੰਗਾਂ ਵੀ ਸ਼ਾਮਲ ਹਨ। ਉਨ੍ਹਾ ਉੱਚ ਸਿੱਖਿਆ ਲਈ ਸਬਸਿਡੀਆਂ ਤੇ ਵਜ਼ੀਫਿਆਂ ਦੀ ਤਜਵੀਜ਼ ਵੀ ਰੱਖੀ ਤਾਂ ਕਿ ਮਿਆਰੀ ਸਿੱਖਿਆ ਤੱਕ ਸਾਰਿਆਂ ਦੀ ਰਸਾਈ ਸੰਭਵ ਹੋ ਸਕੇ। ‘ਆਪ’ ਮੁਖੀ ਨੇ ਸਿਹਤ ਸੰਭਾਲ ਖਰਚੇ ਵਿੱਚ ਵਾਧੇ ਦੀ ਲੋੜ (ਜੀ ਡੀ ਪੀ ਦਾ 10 ਫੀਸਦ) ਦੇ ਨਾਲ ਸਿਹਤ ਬੀਮਾ ਪ੍ਰੀਮੀਅਮਾਂ ’ਤੇ ਟੈਕਸ ਹਟਾਉਣ ਦੀ ਲੋੜ ’ਤੇ ਜ਼ੋੋਰ ਦਿੱਤਾ।