ਰਾਏਕੋਟ : ਪਿੰਡ ਲੋਹਟਬੱਦੀ ’ਚ ਦੋ ਦਿਨਾਂ ਤੋਂ ਲਾਪਤਾ 38 ਸਾਲਾ ਇਕਬਾਲਜੀਤ ਸਿੰਘ ਮੋਨਾ ਦੀ ਲਾਸ਼ ਪਿੰਡ ਦੀ ਪੰਚ ਗੁਰਪ੍ਰੀਤ ਕੌਰ ਦੇ ਘਰੋਂ ਮਿਲਣ ’ਤੇ ਥਾਣਾ ਸਦਰ ਰਾਏਕੋਟ ਸਦਰ ਪੁਲਸ ਨੇ ਸਾਜ਼ਿਸ਼ ਤਹਿਤ ਗ਼ੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਹੈ। 21-22 ਜਨਵਰੀ ਦੀ ਦਰਮਿਆਨੀ ਰਾਤ ਮੋਨਾ ਨੇ ਦੋਸਤ ਕੁਲਵਿੰਦਰ ਸਿੰਘ ਉਰਫ ਸੰਨੀ ਵਾਸੀ ਲੋਹਟਬੱਦੀ ਦੇ ਘਰ ਬੈਠ ਕੇ ਊਧਮ ਸਿੰਘ ਵਾਸੀ ਬੜੂੰਦੀ ਨਾਲ ਇਕੱਠਿਆਂ ਸ਼ਰਾਬ ਪੀਤੀ ਸੀ। ਇਸੇ ਦੌਰਾਨ ਨਸ਼ੇ ਦੀ ਹਾਲਤ ’ਚ ਉਸ ਦੀ ਮੌਤ ਹੋ ਗਈ।
ਐੱਸ ਐੱਚ ਓ ਕੁਲਵਿੰਦਰ ਸਿੰਘ ਅਨੁਸਾਰ ਸੰਨੀ, ਊਧਮ ਸਿੰਘ ਅਤੇ ਪੰਚ ਗੁਰਪ੍ਰੀਤ ਕੌਰ ਵਿਰੁੱਧ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਦਿੱਤੀ ਹੈ। ਉਨ੍ਹਾ ਕਿਹਾ ਕਿ ਸੰਨੀ, ਊਧਮ ਸਿੰਘ ਅਤੇ ਸੰਨੀ ਦੀ ਮਾਂ ਤੇ ਪਿੰਡ ਦੀ ਪੰਚ ਗੁਰਪ੍ਰੀਤ ਕੌਰ ਨੇ ਮੋਨਾ ਦੀ ਮੌਤ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਪੰਚਣੀ ਮਿ੍ਰਤਕ ਦੇ ਪਰਵਾਰਕ ਮੈਂਬਰਾਂ ਅਤੇ ਪਿੰਡ ਦੀ ਪੰਚਾਇਤ ਦੇ ਨਾਲ ਮੋਨਾ ਦੀ ਭਾਲ ਵੀ ਕਰਦੀ ਰਹੀ। ਬੁੱਧਵਾਰ ਰਾਤ ਪੁਲਸ ਨੇ ਪਿੰਡ ਦੀ ਪੰਚਾਇਤ ਦੀ ਮੌਜੂਦਗੀ ’ਚ ਲਾਸ਼ ਪੰਚਣੀ ਦੇ ਘਰੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ਭੇਜ ਦਿੱਤੀ।