ਨਵੀਂ ਦਿੱਲੀ : ਆਪਣੇ ਤੇਜ਼ ਉਭਾਰ ਨੂੰ ਜਾਰੀ ਰੱਖਦਿਆਂ ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਵੀਰਵਾਰ ਜਾਰੀ ਤਾਜ਼ਾ ਕੌਮਾਂਤਰੀ ਸ਼ਤਰੰਜ ਫੈਡਰੇਸ਼ਨ (ਫਿਡੇ) ਦੀ ਰੈਂਕਿੰਗ ’ਚ ਚੌਥਾ ਸਥਾਨ ਹਾਸਲ ਕਰ ਕੇ ਸਿਖਰਲੀ ਦਰਜਾਬੰਦੀ ਵਾਲਾ ਭਾਰਤੀ ਸ਼ਤਰੰਜ ਖਿਡਾਰੀ ਬਣ ਗਿਆ ਹੈ। ਉਸ ਨੇ ਇਸ ਦਰਜੇ ਤੋਂ ਹਮਵਤਨੀ ਅਰਜੁਨ ਏਰੀਗਾਇਸੀ ਨੂੰ ਪਛਾੜ ਦਿੱਤਾ ਹੈ। ਗੁਕੇਸ਼ (18 ਸਾਲ) ਨੇ ਇਹ ਪ੍ਰਾਪਤੀ ਉਦੋਂ ਹਾਸਲ ਕੀਤੀ ਜਦੋਂ ਉਸ ਨੇ ਜਿਕ ਆਨ ਜ਼ੀ (ਨੀਦਰਲੈਂਡਜ਼) ’ਚ ਟਾਟਾ ਸਟੀਲ ਟੂਰਨਾਮੈਂਟ ਦੌਰਾਨ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ। ਗੁਕੇਸ਼ ਨੂੰ ਹਾਲ ਹੀ ’ਚ ਧਿਆਨ ਚੰਦ ਖੇਲ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ।
ਉਸ ਨੇ 2784 ਰੇਟਿੰਗ ਅੰਕ ਜੋੜੇ ਹਨ, ਜਦੋਂਕਿ ਲੰਬੇ ਸਮੇਂ ਤੋਂ ਸਭ ਤੋਂ ਉੱਚਾ ਦਰਜਾ ਪ੍ਰਾਪਤ ਚਲਿਆ ਆ ਰਿਹਾ ਏਰੀਗਾਈਸੀ 2779.5 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ।
ਕੌਮਾਂਤਰੀ ਸ਼ਤਰੰਜ ਫੈਡਰੇਸ਼ਨ ਦਰਜਾਬੰਦੀ ਵਿੱਚ ਨਾਰਵੇ ਦਾ ਮੈਗਨਸ ਕਾਰਲਸਨ 2832.5 ਅੰਕਾਂ ਨਾਲ ਬਿਨਾਂ ਕਿਸੇ ਵਿਵਾਦ ਦੇ ਆਲਮੀ ਅੱਵਲ ਦਰਜਾ ਖਿਡਾਰੀ ਬਣਿਆ ਹੋਇਆ ਹੈ। ਉਸ ਤੋਂ ਬਾਅਦ ਦੂਜੇ ਨੰਬਰ ਉਤੇ 2802 ਅੰਕਾਂ ਨਾਲ ਅਮਰੀਕਾ ਦਾ ਗ੍ਰੈਂਡਮਾਸਟਰ ਹਿਕਾਰੂ ਨਾਕਾਮੁਰਾ ਹੈ, ਜਦੋਂਕਿ ਤੀਜੇ ਨੰਬਰ ਉਤੇ ਉਸੇ ਦਾ ਹਮਵਤਨੀ ਫੈਬੀਆਨੋ ਕਾਰੂਆਨਾ ਹੈ, ਜਿਸ ਦੇ 2798 ਅੰਕ ਹਨ।
ਗੁਕੇਸ਼ ਉਦੋਂ ਤੋਂ ਹੀ ਸ਼ਾਨਦਾਰ ਫਾਰਮ ’ਚ ਹੈ ਜਦੋਂ ਉਸ ਨੇ ਪਿਛਲੇ ਸਾਲ ਦਸੰਬਰ ’ਚ ਸਿੰਗਾਪੁਰ ’ਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਆਲਮੀ ਖ਼ਿਤਾਬ ਜਿੱਤਿਆ ਸੀ। ਇਸ ਤੋਂ ਬਾਾਅਦ ਉਸ ਨੇ ਵਤਨ ਵਾਪਸੀ ’ਤੇ ਸਮਾਗਮਾਂ ਅਤੇ ਤਿਉਹਾਰਾਂ ’ਚ ਸ਼ਾਮਲ ਹੋਣ ਲਈ ਖੇਡ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਲਈ ਸੀ ਅਤੇ ਇਸ ਕਾਰਨ ਨਿਊਯਾਰਕ ’ਚ ਵਿਸ਼ਵ ਰੈਪਿਡ ਅਤੇ ਬਲਿਟਜ਼ ਚੈਂਪੀਅਨਸ਼ਿਪ ਛੱਡ ਦਿੱਤੀ ਸੀ।
ਇਸ ਤੋਂ ਬਾਅਦ ਉਸ ਨੇ ਜਿਕ ਆਨ ਜ਼ੀ ’ਚ ਬੋਰਡ ਉਤੇ ਵਾਪਸੀ ਕਰਦਿਆਂ ਇੱਕ ਵੀ ਗੇਮ ਨਹੀਂ ਹਾਰੀ ਹੈ। ਟੂਰਨਾਮੈਂਟ ’ਚ ਉਸ ਦੀਆਂ ਹੁਣ ਤੱਕ ਦੋ ਜਿੱਤਾਂ ਅਤੇ ਤਿੰਨ ਡਰਾਅ ਹਨ। ਅੱਠ ਗੇੜ ਹਾਲੇ ਬਾਕੀ ਹਨ।
ਏਰੀਗਾਇਸੀ ਪਿਛਲੇ ਸਾਲ ਸਤੰਬਰ ’ਚ ਭਾਰਤ ਦਾ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਬਣਿਆ ਸੀ ਅਤੇ ਦਸੰਬਰ ’ਚ ਉਸ ਨੇ 2801 ਅੰਕਾਂ ਨਾਲ ਆਪਣੀ ਸਿਖਰਲੀ ਰੇਟਿੰਗ ਪ੍ਰਾਪਤ ਕੀਤੀ ਸੀ। ਇਸ ਰੈਂਕਿੰਗ ਨੇ ਉਸ ਨੂੰ ਇਤਿਹਾਸ ’ਚ 15ਵਾਂ ਸਭ ਤੋਂ ਉੱਚਾ ਦਰਜਾ ਪ੍ਰਾਪਤ ਖਿਡਾਰੀ ਬਣਾਇਆ ਸੀ ਅਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੋਂ ਬਾਅਦ 2800 ਦੀ ਉਚਾਈ ਨੂੰ ਪਾਰ ਕਰਨ ਵਾਲਾ ਉਹ ਦੂਜਾ ਭਾਰਤੀ ਬਣਿਆ ਸੀ।