ਟਰੈਕਟਰ ਮਾਰਚ ਦੇ ਰੂਟ ਤੈਅ

0
51

ਸ਼ਾਹਕੋਟ/ਮੋਗਾ (ਗਿਆਨ ਸੈਦਪੁਰੀ/ਇਕਬਾਲ ਸਿੰਘ ਖਹਿਰਾ)
ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਸੂਰਤ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਭਰਵੀਂ ਮੀਟਿੰਗ ਮੋਗਾ ਵਿਖੇ ਹੋਈ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਬੀ ਕੇ ਯੂ (ਪੰਜਾਬ), ਬੀ ਕੇ ਯੂ (ਤੋਤੇਵਾਲ), ਕਰਾਂਤੀਕਾਰੀ ਕਿਸਾਨ ਯੂਨੀਅਨ (ਡਾ. ਦਰਸ਼ਨਪਾਲ), ਕੌਮੀ ਕਿਸਾਨ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ 26 ਜਨਵਰੀ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਮਾਰਚ 12 ਵਜੇ ਤੋਂ 3 ਵਜੇ ਤੱਕ ਕੀਤਾ ਜਾਵੇਗਾ। ਪੂਰੇ ਮੋਗਾ ਜ਼ਿਲ੍ਹੇ ਦੇ ਰੂਟ ਨਿਸ਼ਚਿਤ ਕੀਤੇ ਗਏ। ਇਸ ਰੂਟ ਮੁਤਾਬਿਕ ਮੋਗਾ (ਇੱਕ) ਦੇ ਕਿਸਾਨ ਢੁੱਡੀਕੇ ਇਕੱਤਰ ਹੋ ਕੇ ਅਜੀਤਵਾਲ ਵੱਲ ਮਾਰਚ ਕਰਨਗੇ। ਮੋਗਾ (ਦੋ) ਦੇ ਕਿਸਾਨ ਪਿੰਡ ਘੱਲ ਕਲਾਂ ਨੇੜੇ ਉੱਚੇ ਪੁਲ ’ਤੇ ਇਕੱਠੇ ਹੋਣਗੇ ਤੇ ਬੁੱਘੀਪੁਰਾ ਚੌਕ ਤੱਕ ਮਾਰਚ ਕਰਨਗੇ। ਨਿਹਾਲ ਸਿੰਘ ਵਾਲਾ, ਜਵਾਹਰ ਸਿੰਘ ਵਾਲਾ ਦੇ ਕਿਸਾਨ ਪੱਤੋ ਚੌਕ ਵਿਚ ਇਕੱਠੇ ਹੋ ਕੇ ਮਧੇਕੇ ਵੱਲ ਪੈਟਰੋਲ ਪੰਪ ਤੱਕ ਮਾਰਚ ਕਰਨਗੇ। ਬਾਘਾ ਪੁਰਾਣਾ ਦੇ ਕਿਸਾਨ ਚੰਨੂੰ ਵਾਲਾ ਇਕੱਠੇ ਹੋ ਕੇ ਬਾਘਾ ਪੁਰਾਣਾ ਸ਼ਹਿਰ ਵਿੱਚ ਮਾਰਚ ਕਰਨਗੇ। ਧਰਮਕੋਟ ਖੇਤਰ ਦੇ ਕਿਸਾਨ ਅਨਾਜ ਮੰਡੀ ਧਰਮਕੋਟ ਵਿੱਚ ਇਕੱਤਰ ਹੋਣਗੇ। ਇੱਥਂੋ ਇਹ ਬਾਜ਼ਾਰਾਂ ਵਿੱਚ ਮਾਰਚ ਕਰਦੇ ਹੋਏ ਤਹਿਸੀਲ ਤੱਕ ਜਾਣਗੇ। ਇਨ੍ਹਾਂ ਮਾਰਚਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਟਰੈਕਟਰ ਸ਼ਾਮਲ ਹੋਣਗੇ।