ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਯੂਕਰੇਨ ’ਚ ਜੰਗ ਨੂੰ ਖਤਮ ਕਰਨ ਜਾਂ ਉੱਚ ਟੈਰਿਫ ਅਤੇ ਹੋਰ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਟਰੰਪ ਨੇ ਬੁੱਧਵਾਰ ਸੋਸ਼ਲ ਮੀਡੀਆ ਪੋਸਟ ’ਚ ਰੂਸੀ ਰਾਸ਼ਟਰਪਤੀ ਪੁਤਿਨ ਦਾ ਨਾਂਅ ਲੈ ਕੇ ਕਿਹਾ ਕਿ ਉਸ ਦੇ ਨੇਤਾ ਨਾਲ ਹਮੇਸ਼ਾ ਚੰਗੇ ਰਿਸ਼ਤੇ ਰਹੇ ਹਨ, ਪਰ ਇਹ ਇਸ ਜੰਗ ਨੂੰ ਸੁਲਝਾਉਣ ਦਾ ਸਮਾਂ ਹੈ।
ਟਰੰਪ ਨੇ ਕਿਹਾਮੈਂ ਰੂਸੀ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਰਾਸ਼ਟਰਪਤੀ ਪੁਤਿਨ ਨਾਲ ਹਮੇਸ਼ਾ ਬਹੁਤ ਵਧੀਆ ਰਿਸ਼ਤਾ ਰਿਹਾ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਰੂਸ ਨੇ ਦੂਜੀ ਵਿਸ਼ਵ ਜੰਗ ਜਿੱਤਣ ’ਚ ਸਾਡੀ ਮਦਦ ਕੀਤੀ, ਇਸ ਪ੍ਰਕਿਰਿਆ ’ਚ ਲੱਗਭੱਗ 60,000,000 ਜਾਨਾਂ ਗੁਆ ਦਿੱਤੀਆਂ। ਇਸ ਦੇ ਨਾਲ ਹੀ ਟਰੰਪ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਜੇ ਜਲਦੀ ਹੀ ਜੰਗਬੰਦੀ ਦਾ ਸਮਝੌਤਾ ਨਹੀਂ ਹੁੰਦਾ, ਤਾਂ ਉਸ ਕੋਲ ਰੂਸ ਦੁਆਰਾ ਅਮਰੀਕਾ ਅਤੇ ਹੋਰ ਭਾਗੀਦਾਰ ਦੇਸ਼ਾਂ ਨੂੰ ਵੇਚੀ ਜਾ ਰਹੀ ਕਿਸੇ ਵੀ ਚੀਜ਼ ’ਤੇ ਟੈਰਿਫ, ਟੈਕਸ ਅਤੇ ਪਾਬੰਦੀਆਂ ਲਗਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ।
ਟਰੰਪ ਨੇ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਦੋਵਾਂ ਧਿਰਾਂ ਨੂੰ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਜੰਗ ’ਚ ਦੋਵਾਂ ਧਿਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਵਾਰ-ਵਾਰ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਇਕ ਦਿਨ ਵਿੱਚ ਸੁਲਝਾ ਸਕਦੇ ਹਨ।