ਲੌਂਗੋਵਾਲ : ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਲੌਂਗੋਵਾਲ ਨੇ ਸਿੱਖ ਪੰਥ ਦੀ ਸੁਚੱਜੀ ਅਗਵਾਈ ਕਰਦਿਆਂ ਪੂਰੀ ਦੁਨੀਆਂ ਅੰਦਰ ਸਿੱਖ ਕੌਮ ਅਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰਿਆ, ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾ ਦੀ ਸ਼ਹਾਦਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਆਗੂ ਪੰਥ ਦੀ ਥਾਂ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਲੱਗੇ। ਸੁਖਬੀਰ ਸਿੰਘ ਬਾਦਲ ਦੀਆਂ ਗਲਤ ਪਿਰਤਾਂ ਕਾਰਨ ਅਕਾਲੀ ਦਲ ਕੁਝ ਵਿਅਕਤੀਆਂ ਦੀ ਪਾਰਟੀ ਬਣ ਕੇ ਰਹਿ ਗਈ। ਜੇ ਅਜਿਹਾ ਨਾ ਹੁੰਦਾ ਤਾਂ ਅਕਾਲੀ ਦਲ ਦੇ ਅੱਜ ਅਜਿਹੇ ਹਾਲਾਤ ਨਾ ਹੁੰਦੇ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਸੰਯੁਕਤ ਅੱਜ ਵੀ ਅਕਾਲੀ ਏਕਤਾ ਦਾ ਹਾਮੀ ਹੈ। ਬਸ਼ਰਤੇ ਬਾਦਲ ਪਰਵਾਰ ਆਪਣੇ ਅਹੁਦੇ ਤਿਆਗੇ ਅਤੇ ਸਿੱਖ ਪੰਥ ਉਪਰ ਇਹ ਜ਼ਿੰਮੇਵਾਰੀ ਛੱਡ ਦੇਵੇ। ਉਨ੍ਹਾ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਕਿਸੇ ਵੀ ਆਗੂ ਨੂੰ ਅਹੁਦਿਆਂ ਦੀ ਕੋਈ ਲਾਲਸਾ ਨਹੀਂ ਹੈ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਬਾਦਲ ਪਰਵਾਰ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਨੂੰ ਆਰਥਕ, ਸਮਾਜਕ ਤੇ ਰਾਜਨੀਤਕ ਤੌਰ ’ਤੇ ਬਰਬਾਦ ਕਰਕੇ ਰੱਖ ਦਿੱਤਾ ਹੈ।




