ਫਾਜ਼ਿਲਕਾ (ਪਰਮਜੀਤ ਢਾਬਾਂ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਐੱਸ ਐੱਸ ਪੀ ਫਾਜ਼ਿਲਕਾ ਦਾ ਪੁਤਲਾ ਫੂਕਿਆ ਗਿਆ। ਰੋਸ ਮਾਰਚ ਸਥਾਨਕ ਪ੍ਰਤਾਪ ਬਾਗ ਤੋਂ ਸ਼ੁਰੂ ਹੁੰਦਾ ਹੋਇਆ ਬਾਜ਼ਾਰਾਂ ਵਿੱਚੋਂ ਹੁੰਦੇ ਹੋਇਆ ਐੱਸ ਐੱਸ ਪੀ ਫਾਜ਼ਿਲਕਾ ਦੇ ਦਫ਼ਤਰ ਸਾਹਮਣੇ ਪਹੁੰਚਿਆ। ਪ੍ਰਦਰਸ਼ਨਕਾਰੀਆਂ ਵੱਲੋਂ ਐੱਸ ਐੱਸ ਪੀ ਅਤੇ ਉਸ ਦੇ ਰੀਡਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਦੀ ਅਗਵਾਈ ਸ਼ੁਬੇਗ ਝੰਗੜਭੈਣੀ, ਹਰਭਜਨ ਛੱਪੜੀ ਵਾਲਾ, ਨਰਿੰਦਰ ਢਾਬਾਂ, ਕੁਲਦੀਪ ਬਾਖੂਸ਼ਾਹ, ਪੈਨਸ਼ਨ ਯੂਨੀਅਨ ਦੇ ਡਵੀਜ਼ਨ ਸੈਕਟਰੀ ਵਸਾਵਾ ਰਾਮ, ਗੁਰਦਿਆਲ ਢਾਬਾਂ, �ਿਸ਼ਨ ਧਰਮੂ ਵਾਲਾ, ਜੰਮੂ ਰਾਮ ਬਣਵਾਲਾ, ਇਸਤਰੀ ਸਭਾ ਦੀ ਆਗੂ ਸੁਸ਼ਮਾ ਗੋਲਡਨ ਤੇ ਸਤੀਸ਼ ਛੱਪੜੀਵਾਲਾ ਨੇ ਕੀਤੀ। ਇਸ ਦੌਰਾਨ ਐੱਸ ਐੱਸ ਪੀ ਫਾਜ਼ਿਲਕਾ ਦਾ ਪੁਤਲਾ ਫੂਕਿਆ ਗਿਆ।
ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਅੱੈਸ ਐੱਸ ਪੀ ਦਫਤਰ ਦੇ ਗੇੜੇ ਮਾਰ ਕੇ ਥੱਕ ਗਏ ਹਨ। ਵਾਰ-ਵਾਰ ਐੱਸ ਐੱਸ ਪੀ ਵੱਲੋਂ ਲਾਰਾ-ਲੱਪਾ ਲਾ ਕੇ ਟਾਲ-ਮਟੋਲ ਕਰ ਦਿੱਤੀ ਜਾਂਦੀ ਰਹੀ ਹੈ। ਇਲਾਕੇ ਅੰਦਰ ਕਈ ਬੇਸਹਾਰਾ ਲੋਕਾਂ ’ਤੇ ਸੱਤਾ ਧਿਰ ਵੱਲੋਂ ਅੱਤਿਆਚਾਰ ਢਾਹਿਆ ਜਾ ਰਿਹਾ ਹੈ।ਜ਼ਿਲ੍ਹੇ ਦੇ ਲੋਕਾਂ ’ਤੇ ਹੋਏ ਅੱਤਿਆਚਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇਖ ਕੇ ਆਮ ਲੋਕਾਂ ਦੀ ਰੂਹ ਕੰਬ ਜਾਂਦੀ ਹੈ, ਪਰੰਤੂ ਐੱਸ ਐੱਸ ਪੀ ਅਤੇ ਇਸ ਦੇ ਰੀਡਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ, ਉਲਟਾ ਦੋਸ਼ੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਲੰਮੇ ਸਮੇਂ ਤੋਂ ਮਸਲਿਆਂ ਨੂੰ ਹੱਲ ਕਰਵਾਉਣ ਅਤੇ ਲੋਕਾਂ ਨੂੰ ਇਨਸਾਫ ਦਵਾਉਣ ਲਈ ਭਾਰਤੀ ਕਮਿਊਨਿਸਟ ਪਾਰਟੀ ਅਤੇ ਉਹਨਾਂ ਦੀਆਂ ਜਨਤਕ ਜਥੇਬੰਦੀਆਂ ਵਾਰ-ਵਾਰ ਮਿਲ ਚੁੱਕੀਆਂ ਹਨ, ਪ੍ਰੰਤੂ ਐੱਸ ਐੱਸ ਪੀ ਵੱਲੋਂ ਸਿਰਫ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਉਹ ਕੱਲ੍ਹ ਸਾਰੇ ਜਾਇਜ਼ ਕੰਮ ਕਰ ਦੇਣਗੇ।ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਲੋਕਾਂ ਦੇ ਜਾਇਜ਼ ਮਸਲੇ ਹੱਲ ਨਹੀਂ ਹੋਏ। ਇਸ ਲਈ ਮਜਬੂਰ ਹੋ ਕੇ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ ਅਤੇ ਅੱਜ ਜ਼ਿਲ੍ਹਾ ਪੁਲਸ ਮੁਖੀ ਅਤੇ ਉਸ ਦੇ ਲੀਡਰ, ਜੋ ਕਿ ਸਾਰਾ ਮਾਮਲਾ ਗੜਬੜ ਕਰ ਰਿਹਾ ਹੈ, ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਆਗੂਆਂ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਪ੍ਰਦਰਸ਼ਨ ਜ਼ਿਲ੍ਹੇ ਤੋਂ ਸ਼ੁਰੂ ਹੁੰਦਾ ਹੋਇਆ ਪੰਜਾਬ ਪੱਧਰ ਤੱਕ ਲੈ ਕੇ ਜਾਵਾਂਗੇ ਅਤੇ ਜ਼ਿਲ੍ਹੇ ਵਿੱਚ ਚੱਲ ਰਹੇ ਗਲਤ ਧੰਦਿਆਂ ਨੂੰ ਉਜਾਗਰ ਕਰਨ ਲਈ ਡੀ ਜੀ ਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਇਸ ਗੱਲ ਨੂੰ ਪਹੁੰਚਾਇਆ ਜਾਵੇਗਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾਂ ਕਰਨੈਲ ਬੱਗੇਕੇ, ਸੀਤਾ ਸਿੰਘ, ਰਮੇਸ਼ ਕੰਬੋਜ, ਸ਼ਕਤੀ, ਸ਼ਿੰਦਰ ਛੱਪੜੀਵਾਲਾ, ਕਾਨੇਵਾਲਾ ਤੇ ਪੰਮਾ ਥਾਰੇਵਾਲਾ ਆਦਿ ਹਾਜ਼ਰ ਸਨ।





