ਗੋਰਖਪੁਰ : ਦੋ ਮਹਿਲਾਵਾਂ ਵੱਲੋਂ ਪਤੀਆਂ ਤੋਂ ਤੰਗ ਆ ਕੇ ਆਪਸ ਵਿੱਚ ਵਿਆਹ ਕਰਵਾਏ ਜਾਣ ਦੀ ਅਜੀਬੋ-ਗਰੀਬ ਖ਼ਬਰ ਸਾਹਮਣੇ ਆਈ ਹੈ। ਸ਼ਰਾਬ ਦੇ ਆਦੀ ਪਤੀਆਂ ਤੋਂ ਤੰਗ ਆ ਕੇ ਦੋਹਾਂ ਨੇ ਆਪਣਾ ਘਰ ਛੱਡ ਦਿੱਤਾ ਸੀ। ਕਵਿਤਾ ਅਤੇ ਗੁੰਜਾ ਉਰਫ ਬਬਲੂ ਨੇ ਬੁੱਧਵਾਰ ਸ਼ਾਮ ਦੇਵਰੀਆ ਦੇ ਛੋਟੇ ਕਾਸ਼ੀ ਕਹੇ ਜਾਣ ਵਾਲੇ ਸ਼ਿਵ ਮੰਦਰ ਵਿੱਚ ਵਿਆਹ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਹਿਲੀ ਵਾਰ ਇੰਸਟਾਗ੍ਰਾਮ ’ਤੇ ਮਿਲੀਆਂ ਸੀ ਅਤੇ ਇੱਕੋ ਜਿਹੀਆਂ ਸਥਿਤੀਆਂ ਦੇ ਕਾਰਨ ਉਹ ਇਕ-ਦੂਜੇ ਦੇ ਨੇੜੇ ਆ ਗਈਆਂ। ਦੋਹਾਂ ਨੂੰ ਆਪਣੇ ਸ਼ਰਾਬੀ ਜੀਵਨ ਸਾਥੀਆਂ ਦੇ ਹੱਥੋਂ ਘਰੇਲੂ ਹਿੰਸਾ ਸਹਿਣੀ ਪਈ। ਮੰਦਰ ਵਿੱਚ ਗੁੰਜਾ ਨੇ ਲਾੜੇ ਦੀ ਭੂਮਿਕਾ ਨਿਭਾਉਦਿਆਂ ਕਵਿਤਾ ਨੂੰ ਸੰਧੂਰ ਲਗਾਇਆ ਅਤੇ ਸੱਤ ਫੇਰੇ ਲਏ। ਦੋਹਾਂ ਨੇ ਜੀਵਨ ਭਰ ਇਕ-ਦੂਜੇ ਦਾ ਸਾਥ ਦੇਣ ਦਾ ਵਾਅਦਾ ਕੀਤਾ।
ਗੁੰਜਾ ਨੇ ਕਿਹਾਅਸੀਂ ਆਪਣੇ ਪਤੀਆਂ ਦੇ ਸ਼ਰਾਬ ਪੀਣ ਅਤੇ ਕੁੱਟਮਾਰ ਕਰਨ ਤੋਂ ਤੰਗ ਹੋ ਗਈਆਂ ਸੀ। ਇਸ ਨੇ ਸਾਨੂੰ ਸ਼ਾਂਤੀ ਅਤੇ ਪ੍ਰੇਮ ਦਾ ਜੀਵਨ ਚੁਣਨ ਲਈ ਮਜਬੂਰ ਕੀਤਾ। ਅਸੀਂ ਗੋਰਖਪੁਰ ਵਿੱਚ ਇੱਕ ਜੋੜੇ ਵਜੋਂ ਰਹਿਣ ਅਤੇ ਜੀਵਨ ਬਿਤਾਉਣ ਦਾ ਫੈਸਲਾ ਕੀਤਾ ਹੈ। ਦੋਹਾਂ ਔਰਤਾਂ ਵਿੱਚੋਂ ਇਕ ਨੇ ਕਿਹਾ ਕਿ ਉਸ ਦਾ ਪਤੀ ਸ਼ਰਾਬੀ ਹੈ, ਉਹ ਰੋਜ਼ਾਨਾ ਉਸ ਦੀ ਕੁੱਟਮਾਰ ਨੂੰ ਸਹਿਣ ਕਰਨ ਵਿੱਚ ਅਸਮਰੱਥ ਹੈ। ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਹਿੰਸਾ ਖਤਮ ਨਾ ਹੋਣ ਤੋਂ ਬਾਅਦ ਉਸ ਨੇ ਆਪਣੇ ਮਾਪਿਆਂ ਦੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ।
ਕਵਿਤਾ ਅਤੇ ਗੁੰਜਾ ਨੇ ਕਿਹਾ ਕਿ ਉਹ ਇਕੱਠੇ ਰਹਿਣ ਲਈ ਦਿ੍ਰੜ੍ਹ ਹਨ ਅਤੇ ਕਿਸੇ ਨੂੰ ਵੀ ਉਨ੍ਹਾਂ ਨੂੰ ਵੱਖ ਨਹੀਂ ਕਰਨ ਦੇਣਗੀਆਂ। ਉਨ੍ਹਾਂ ਨੂੰ ਕਿਰਾਏ ’ਤੇ ਕਮਰਾ ਲੈਣਾ ਪੈਣਾ ਹੈ।



