ਜ਼ੰਨਤ ਦੇ ਨਜ਼ਾਰੇ ਬਾਈ ਰੇਲ

0
106

ਸ੍ਰੀਨਗਰ : ਕਈ ਵਰ੍ਹਿਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਕੁਝ ਇੰਜੀਨੀਅਰਿੰਗ ਅਜੂਬਿਆਂ ਤੇ ਕਾਰਨਾਮਿਆਂ ਤੋਂ ਬਾਅਦ ਕਸ਼ਮੀਰ ਨੂੰ ਰੇਲ ਨਾਲ ਜੋੜਨ ਦਾ ਸੁਪਨਾ ਆਖ਼ਰ ਸਨਿੱਚਰਵਾਰ ਨੂੰ ਇੱਕ ਖ਼ਾਸ ਤੌਰ ’ਤੇ ਡਿਜ਼ਾਈਨ ਕੀਤੀ ਗਈ ‘ਵੰਦੇ ਭਾਰਤ ਐੱਕਸਪ੍ਰੱੈਸ’ ਰੇਲ ਗੱਡੀ ਦੇ ਵਾਦੀ ’ਚ ਸ੍ਰੀਨਗਰ ਰੇਲਵੇ ਸਟੇਸ਼ਨ ਉਤੇ ਪਹੁੰਚਣ ਤੋਂ ਬਾਅਦ ਸਾਕਾਰ ਹੋ ਗਿਆ।
ਰੇਲ ਗੱਡੀ ਆਪਣੀ ਪਹਿਲੀ ਅਜ਼ਮਾਇਸ਼ੀ ਯਾਤਰਾ ’ਤੇ ਜੰਮੂ ਦੇ ਕਟੜਾ ਤੋਂ ਸ੍ਰੀਨਗਰ ਦੇ ਬਾਹਰਵਾਰ ਨੌਗਾਮ ਖੇਤਰ ਵਿੱਚ ਸ੍ਰੀਨਗਰ ਸਟੇਸ਼ਨ ’ਤੇ ਪਹੁੰਚੀ। ਇਸ ਤੋਂ ਪਹਿਲਾਂ ਇਹ ਸ਼ੁੱਕਰਵਾਰ ਨੂੰ ਜੰਮੂ ਪਹੁੰਚੀ ਸੀ। ਸੰਤਰੀ ਅਤੇ ਸਲੇਟੀ ਰੰਗ ਦੀ ਵੰਦੇ ਭਾਰਤ ਰੇਲ ਗੱਡੀ ਦੇ ਸਵੇਰੇ 11:30 ਵਜੇ ਸਟੇਸ਼ਨ ’ਤੇ ਪਹੁੰਚਣ ’ਤੇ ਭਾਰਤੀ ਰੇਲਵੇ ਲਈ ਨਾਅਰਿਆਂ ਅਤੇ ਪ੍ਰਸੰਸਾ ਦਾ ਹੜ੍ਹ ਆ ਗਿਆ। ਵੱਡੀ ਗਿਣਤੀ ਵਿੱਚ ਲੋਕ ਅਤੇ ਰੇਲ ਅਧਿਕਾਰੀ ਸਵੇਰ ਤੋਂ ਹੀ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫੁੱਲਾਂ ਦੇ ਹਾਰ ਲੈ ਕੇ ਰੇਲ ਗੱਡੀ ਵਿੱਚ ਸਵਾਰ ਲੋਕਾਂ ਦਾ ਸਵਾਗਤ ਕਰਨ ਲਈ ਪੁੱਜੇ ਹੋਏ ਸਨ।