ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਕੋਲ 31 ਮਾਰਚ 2024 ਤੱਕ ਕੈਸ਼ ਤੇ ਬੈਂਕ ਬੈਲੈਂਸ 7113 ਕਰੋੜ 80 ਲੱਖ ਰੁਪਏ ਸੀ, ਜਦਕਿ ਕਾਂਗਰਸ ਦੇ ਖਾਤੇ ’ਚ 857 ਕਰੋੜ 15 ਲੱਖ ਰੁਪਏ ਸਨ। ਚੋਣ ਕਮਿਸ਼ਨ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਭਾਜਪਾ ਨੇ 2023-24, ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ, ਵਿੱਚ 1754.06 ਕਰੋੜ ਰੁਪਏ ਖਰਚੇ। ਇਹ 2022-23 ਨਾਲੋਂ 60 ਫੀਸਦੀ ਵੱਧ ਸਨ, ਜਦੋਂ ਉਸ ਨੇ 1092 ਕਰੋੜ ਰੁਪਏ ਖਰਚੇ ਸਨ। ਕਾਂਗਰਸ ਨੇ 2023-24 ਵਿੱਚ 619.67 ਕਰੋੜ ਖਰਚੇ। ਉਸ ਨੇ 2022-23 ਵਿੱਚ 192.56 ਕਰੋੜ ਖਰਚੇ ਸਨ। ਲੋਕ ਸਭਾ ਚੋਣਾਂ ਦਾ ਐਲਾਨ 16 ਮਾਰਚ 2024 ਨੂੰ ਹੋਇਆ ਸੀ। ਭਾਜਪਾ ਨੇ ਹੁਣ ਬੰਦ ਹੋ ਚੁੱਕੇ ਇਲੈਕਟੋਰਲ ਬਾਂਡਾਂ ਰਾਹੀਂ 2023-24 ਵਿੱਚ 1685.69 ਕਰੋੜ ਹਾਸਲ ਕੀਤੇ ਸਨ, ਜਦਕਿ ਉਸ ਤੋਂ ਪਿਛਲੇ ਸਾਲ 1294.15 ਕਰੋੜ ਹਾਸਲ ਕੀਤੇ ਸਨ। ਭਾਜਪਾ ਨੇ 2023-24 ਵਿੱਚ ਹੋਰਨਾਂ ਸਰੋਤਾਂ ਤੋਂ 2042.75 ਕਰੋੜ ਹਾਸਲ ਕੀਤੇ ਸਨ, ਜਦਕਿ ਉਸ ਤੋਂ ਪਿਛਲੇ ਸਾਲ 648.42 ਕਰੋੜ ਹਾਸਲ ਕੀਤੇ ਸਨ।