ਕਾਰ ਖੰਭੇ ਨਾਲ ਟਕਰਾਈ, ਇੱਕ ਦੀ ਮੌਤ, ਦੋ ਜ਼ਖ਼ਮੀ

0
130

ਧੂਰੀ (ਬਿੰਨੀ ਗਰਗ)
ਸੋਮਵਾਰ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਉਸ ਦੇ ਦੋ ਹੋਰ ਦੋਸਤ ਜ਼ਖਮੀ ਹੋ ਗਏ। ਪਿੰਡ ਖੇੜੀ ਚਹਿਲਾਂ ਦੇ ਪੰਜ ਦੋਸਤ ਸੰਗਰੂਰ ਰੋਡ ’ਤੇ ਸਥਿਤ ਪੈਲੇਸ ’ਚੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪਿੰਡ ਪਰਤ ਰਹੇ ਸਨ। ਜਦੋਂ ਉਹ ਪਿੰਡ ਕਹੇਰੂ ਪੁੱਜੇ ਤਾਂ ਅਚਾਨਕ ਗੱਡੀ ਅੱਗੇ ਬੇਸਹਾਰਾ ਪਸ਼ੂ ਆ ਗਿਆ, ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸਿੱਧੀ ਟ੍ਰਾਂਸਫਾਰਮਰ ਦੇ ਖੰਭਿਆਂ ਨਾਲ ਜਾ ਟਕਰਾਈ ਅਤੇ ਪਲਟ ਗਈ। ਆਵਾਜ਼ ਸੁਣ ਕੇ ਪਿੰਡ ਕਹੇਰੂ ਦੇ ਲੋਕ ਘਰਾਂ ਵਿਚੋਂ ਬਾਹਰ ਨਿਕਲੇ ਅਤੇ ਕਾਰ ਵਿਚ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ। ਉਹਨਾਂ ਨੂੰ ਐਂਬੂਲੈਂਸ ਰਾਹੀਂ ਧੂਰੀ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਹਰਿੰਦਰ ਸਿੰਘ (28) ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਖੇੜੀ ਚਹਿਲਾਂ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਗਿਆ ਅਤੇ ਜਸਪਾਲ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੰਗਰੂਰ ਰੈਫਰ ਕਰ ਦਿੱਤਾ ਗਿਆ, ਜਦੋਂਕਿ ਫਤਿੰਦਰਜੀਤ ਸਿੰਘ ਦਾ ਧੂਰੀ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ । ਤਫਤੀਸ਼ੀ ਅਧਿਕਾਰੀ ਕਮਲਜੀਤ ਸਿੰਘ ਨੇ ਕਿਹਾ ਕਿ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ। ਪੋਸਟ-ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।