ਗੁੰਮਟਾਲਾ ਚੌਕੀ ’ਤੇ ਗ੍ਰਨੇਡ ਹਮਲੇ ’ਚ 2 ਗਿ੍ਰਫਤਾਰ

0
97

ਅੰਮਿ੍ਰਤਸਰ (ਨਰਿੰਦਰਜੀਤ ਸਿੰਘ)
ਪੰਜਾਬ ਪੁਲਸ ਦੇ ਐੱਸ ਐੱਸ ਓ ਸੀ ਅੰਮਿ੍ਰਤਸਰ ਨੇ ਅਮਰੀਕਾ ਅਧਾਰਤ ਦਹਿਸ਼ਤਗਰਦ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆਂ ਅਤੇ ਅਮਰੀਕਾ ਅਧਾਰਤ ਹੀ ਬਦਨਾਮ ਨਸ਼ਾ ਤਸਕਰ ਸਰਵਣ ਭੋਲਾ ਵੱਲੋਂ ਚਲਾਏ ਜਾ ਰਹੇ ਪਾਕਿਸਤਾਨੀ ਆਈ ਐੱਸ ਆਈ ਦੀ ਹਮਾਇਤ ਪ੍ਰਾਪਤ ਨਾਰਕੋ ਟੈਰੋਰਿਜ਼ਮ ਮਡਿਊਲ ਦੇ ਦੋ ਮੈਂਬਰਾਂ, ਜੋ ਅੰਮਿ੍ਰਤਸਰ ਦੀ ਗੁੰਮਟਾਲਾ ਪੁਲਸ ਚੌਕੀ ’ਤੇ ਹੈਂਡ ਗ੍ਰਨੇਡ ਹਮਲੇ ’ਚ ਸ਼ਾਮਲ ਸਨ, ਨੂੰ ਗਿ੍ਰਫਤਾਰ ਕਰਕੇ ਇਸ ਮਡਿਊਲ ਦਾ ਪਰਦਾ ਫਾਸ਼ ਕੀਤਾ ਹੈ।
ਫੜੇ ਜਾਣ ਵਾਲੇ ਬੱਗਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਸਿਰਸਾ, ਹਰਿਆਣਾ ਅਤੇ ਪੁਸ਼ਕਰਨ ਸਿੰਘ ਉਰਫ ਸਾਗਰ ਵਾਸੀ ਅਮਰਕੋਟ, ਅੰਮਿ੍ਰਤਸਰ ਹਨ। ਇਨ੍ਹਾਂ ਕੋਲੋਂ ਇੱਕ ਹੈਂਡ ਗ੍ਰਨੇਡ ਅਤੇ ਦੋ ਆਧੁਨਿਕ ਪਿਸਤੌਲਾਂ ਸਮੇਤ ਗੋਲੀ-ਸਿੱਕਾ ਵੀ ਬਰਾਮਦ ਕੀਤਾ ਗਿਆ ਹੈ।
ਬੀਤੀ 9 ਜਨਵਰੀ ਨੂੰ ਗੁੰਮਟਾਲਾ ਪੁਲਸ ਚੌਕੀ ’ਤੇ ਕੁਝ ਵਿਅਕਤੀਆਂ ਨੇ ਹੈਂਡ ਗ੍ਰਨੇਡ ਸੁੱਟਿਆ ਸੀ। ਦਹਿਸ਼ਤਗਰਦ ਸੰਗਠਨ ਬੀ ਕੇ ਆਈ ਨੇ ਇਸ ਦੀ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਜ਼ਿੰਮੇਵਾਰੀ ਲਈ ਸੀ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਗਾ ਸਿੰਘ ਸਰਵਣ ਭੋਲਾ ਦਾ ਰਿਸ਼ਤੇਦਾਰ ਹੈ, ਜੋ ਕਿ ਬਦਨਾਮ ਤਸਕਰ ਰਣਜੀਤ ਸਿੰਘ ਉਰਫ ਚੀਤਾ ਦਾ ਭਰਾ ਹੈ। ਚੀਤਾ 532 ਕਿੱਲੋ ਹੈਰੋਇਨ ਦੀ ਰਿਕਵਰੀ ਦੇ ਕੇਸ ’ਚ ਬਠਿੰਡਾ ਜੇਲ੍ਹ ’ਚ ਬੰਦ ਹੈ। ਸਰਵਣ ਸਿੰਘ ਵੀ 532 ਕਿੱਲੋ ਹੈਰੋਇਨ ਦੇ ਕੇਸ ਵਿੱਚ ਲੋੜੀਂਦਾ ਹੈ ਅਤੇ ਉਸ ’ਤੇ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਵੱਲੋਂ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸਰਵਣ ਭੋਲਾ, ਜੋ ਕਿ ਅਮਰੀਕਾ ਤੋਂ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਹੈ, ਨੇ ਸਰਹੱਦੀ ਸੂਬੇ ’ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਰਿਸ਼ਤੇਦਾਰ ਬੱਗਾ ਸਿੰਘ ਅਤੇ ਉਸ ਦੇ ਸਾਥੀ ਪੁਸ਼ਕਰਨ ਦੀ ਹੈਪੀ ਪਾਸੀਆਂ ਅਤੇ ਹਰਵਿੰਦਰ ਰਿੰਦਾ ਨਾਲ ਜਾਣ-ਪਛਾਣ ਕਰਵਾਈ ਸੀ।
ਅਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏ ਆਈ ਜੀ ਐੱਸ ਐੱਸ ਓ ਸੀ ਅੰਮਿ੍ਰਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪਿਛਲੇ ਅਪਰਾਧਾਂ ਦਾ ਪਤਾ ਲਗਾਉਣ ਅਤੇ ਇਸ ਮਡਿਊਲ ਦੇ ਬਾਕੀ ਮੈਂਬਰਾਂ ਨੂੰ ਗਿ੍ਰਫਤਾਰ ਕਰਨ ਲਈ ਹੋਰ ਯਤਨ ਜਾਰੀ ਹਨ। ਚੇਤੇ ਰਹੇ ਕਿ 9 ਜਨਵਰੀ ਨੂੰ ਗੁੰਮਟਾਲਾ ਪੁਲਸ ਚੌਕੀ ਦੇ ਬਾਹਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਪੁਲਸ ਨੇ ਹਾਲਾਂਕਿ ਉਦੋਂ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਸੀ ਕਿ ਆਵਾਜ਼ ਇੱਕ ਕਾਰ ਦੇ ਰੇਡੀਏਟਰ ਦੇ ਫਟਣ ਦੀ ਸੀ।