ਧਰਮਕੋਟ : ਕੋਟ ਈਸੇ ਖਾਂ-ਜ਼ੀਰਾ ਮੁੱਖ ਸੜਕ ’ਤੇ ਮੰਗਲਵਾਰ ਦੁਪਹਿਰ ਵੇਲੇ ਅਣਪਛਾਤੇ ਕਾਰ ਸਵਾਰਾਂ ਨੇ ਹਥਿਆਰਾਂ ਦੀ ਨੋਕ ’ਤੇ ਨੇੜਲੇ ਪਿੰਡ ਮਹਿਲ ਦੇ ਗੁਰਮੀਤ ਸਿੰਘ ਪੁੱਤਰ ਗੁਰਬਚਨ ਸਿੰਘ ਤੋਂ ਉਸ ਦੀ ਚਿੱਟੇ ਰੰਗ ਦੀ ਕੀਆ ਕਾਰ ਖੋਹ ਲਈ ਤੇ ਫਰਾਰ ਹੋ ਗਏ। ਗੁਰਮੀਤ ਸਿੰਘ ਕੋਟ ਈਸੇ ਖਾਂ ਤੋਂ ਵਾਪਸ ਪਿੰਡ ਮਹਿਲ ਪਰਤ ਰਿਹਾ ਸੀ। ਜਦੋਂ ਉਹ ਮੁੱਖ ਸੜਕ ਤੋਂ ਆਪਣੇ ਪਿੰਡ ਨੂੰ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਇੱਕ ਕਾਰ ਪਿੰਡ ਦੇ ਗੇਟ ਦੇ ਪਿੱਲਰ ਨਾਲ ਆ ਟਕਰਾਈ। ਇਸੇ ਦੌਰਾਨ ਹੀ ਹਾਦਸਾਗ੍ਰਸਤ ਕਾਰ ਵਿਚਲੇ ਸਵਾਰ ਤੇਜ਼ੀ ਨਾਲ ਆਪਣੀ ਕਾਰ ਵਿੱਚੋਂ ਉਤਰੇ ਅਤੇ ਇਸ ਘਟਨਾ ਨੂੰ ਦੇਖ ਰਹੇ ਗੁਰਮੀਤ ਸਿੰਘ ਨੂੰ ਹਥਿਆਰ ਦਿਖਾ ਕੇ ਉਸ ਦੀ ਕੀਆ ਕਾਰ ਖੋਹ ਕੇ ਫਰਾਰ ਹੋ ਗਏ। ਪੀੜਤ ਨੌਜਵਾਨ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਥਾਣਾ ਮੁਖੀ ਸੁਨੀਤਾ ਬਾਵਾ ਪੁਲਸ ਪਾਰਟੀ ਨਾਲ ਮੌਕੇ ਵਾਲੀ ਜਗ੍ਹਾ ਪੁੱਜੇ ਤੇ ਅਣਪਛਾਤਿਆਂ ਦੀ ਭਾਲ ਆਰੰਭ ਦਿੱਤੀ। ਅਣਪਛਾਤੇ ਵਿਅਕਤੀਆਂ ਦੀ ਹਾਦਸਾਗ੍ਰਸਤ ਹੋਈ ਕਾਰ ਬਿਨਾਂ ਨੰਬਰੀ ਹੈ ਅਤੇ ਇਸ ਦੀ ਵੀ ਖੋਹ ਕੀਤੇ ਜਾਣ ਦਾ ਅਨੁਮਾਨ ਹੈ।