ਅੰਗਰੇਜ਼ਾਂ ਦੇ ਵੇਲਿਆਂ ਦਾ ਚੱਕੀ ਪੁਲ ਢਹਿ ਗਿਆ

0
290

ਧਰਮਸ਼ਾਲਾ : ਕਾਂਗੜਾ ਜ਼ਿਲ੍ਹੇ ’ਚ ਪੰਜਾਬ ਅਤੇ ਹਿਮਾਚਲ ਦੀ ਸਰਹੱਦ ’ਤੇ ਚੱਕੀ ਨਦੀ ’ਤੇ ਬਣਿਆ 800 ਮੀਟਰ ਲੰਮਾ ਰੇਲਵੇ ਪੁਲ ਸ਼ਨੀਵਾਰ ਸਵੇਰੇ ਢਹਿ ਗਿਆ। ਹੜ੍ਹ ’ਚ ਪੁਲ ਦੇ ਕਮਜ਼ੋਰ ਪਿੱਲਰ ਵਹਿ ਗਏ। ਇਸ ਨਾਲ ਪਠਾਨਕੋਟ ਅਤੇ ਜੋਗਿੰਦਰ ਨਗਰ ਵਿਚਕਾਰ ਨੈਰੋ-ਗੇਜ ਰੇਲ ਸੇਵਾ ਉਦੋਂ ਤੱਕ ਮੁਅੱਤਲ ਰਹੇਗੀ, ਜਦੋਂ ਤੱਕ ਪੁਲ ਦੇ ਨਵੇਂ ਪਿੱਲਰ ਨਹੀਂ ਬਣ ਜਾਂਦੇ। 1928 ਵਿਚ ਅੰਗਰੇਜ਼ਾਂ ਵੱਲੋਂ ਬਣਾਈ ਅਤੇ ਚਾਲੂ ਕੀਤੀ ਗਈ ਇਸ ਰੇਲ ਲਾਈਨ ’ਤੇ ਪਠਾਨਕੋਟ ਅਤੇ ਜੋਗਿੰਦਰ ਨਗਰ ਵਿਚਕਾਰ ਰੋਜ਼ਾਨਾ ਸੱਤ ਰੇਲ ਗੱਡੀਆਂ ਚਲਦੀਆਂ ਸਨ। ਰੇਲ ਲਾਈਨ ਪੌਂਗ ਡੈਮ ਵਾਈਲਡ ਲਾਈਫ ਸੈਂਚੂਰੀ ਵਿਚ ਸਥਿਤ ਸੈਂਕੜੇ ਪਿੰਡਾਂ ਲਈ ਜੀਵਨ ਰੇਖਾ ਹੈ, ਜਿਥੇ ਕੋਈ ਸੜਕ ਜਾਂ ਬੱਸ ਸੇਵਾ ਨਹੀਂ ਹੈ। ਇਨ੍ਹਾਂ ਪਿੰਡਾਂ ਦੇ ਲੋਕ ਕਾਂਗੜਾ ਦੇ ਜ਼ਿਲ੍ਹਾ ਹੈੱਡਕੁਆਰਟਰ ਨਾਲ ਜੁੜਨ ਲਈ ਰੇਲ ਸੇਵਾ ਦੀ ਵਰਤੋਂ ਕਰਦੇ ਹਨ।
ਉੱਧਰ, ਮੰਡੀ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਤੇ ਹੜ੍ਹ ਕਾਰਨ ਕਸ਼ਾਂਗ ਪਿੰਡ ਵਿੱਚੋਂ 8 ਤੇ ਸਦੋਹਾ ਪਿੰਡ ਵਿੱਚੋਂ ਦੋ ਲਾਸ਼ਾਂ ਮਿਲੀਆਂ ਹਨ। ਜ਼ਿਲ੍ਹੇ ਵਿਚ 32 ਘਰਾਂ ਨੂੰ ਨੁਕਸਾਨ ਪੁੱਜਾ ਹੈ। 122 ਸੜਕਾਂ ਬਲਾਕ ਹੋ ਗਈਆਂ ਹਨ। ਧਰਮਪੁਰ ਦਾ ਬੱਸ ਅੱਡਾ ਡੁੱਬ ਗਿਆ ਹੈ। ਧਰਮਪੁਰ ਸਬ ਡਵੀਜ਼ਨ ਵਿਚ ਕੰਡਾਪੱਤਨ ਵਿਖੇ ਭਗਵਾਨ ਸ਼ਿਵ ਦਾ ਮੰਦਰ ਤੇ ਸਤਿਸੰਗ ਭਵਨ ਦਰਿਆ ਦੇ ਪਾਣੀ ਵਿਚ ਲੁਕ ਗਏ ਹਨ। ਚੰਡੀਗੜ੍ਹ-ਮਨਾਲੀ ਰੋਡ ’ਤੇ ਮੰਡੀ ਤੇ ਕੁੱਲੂ ਵਿਚਾਲੇ ਢਿੱਗਾਂ ਡਿਗੀਆਂ ਹਨ। ਕਾਂਗੜਾ ਜ਼ਿਲ੍ਹੇ ਵਿਚ ਕਈ ਨਦੀਆਂ-ਨਾਲਿਆਂ ਵਿਚ ਹੜ੍ਹ ਆਇਆ ਹੋਇਆ ਸੀ। ਨਗਰੋਟਾ ਬਗਵਾਂ ਵਿਚ ਰਾਜੀਵ ਗਾਂਧੀ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਉਣਾ ਪਿਆ ਹੈ ਕਿਉਕਿ ਇਮਾਰਤ ਵਿਚ ਨਾਲੇ ਦਾ ਪਾਣੀ ਵੜ ਗਿਆ ਹੈ। ਮਿਡ ਵੇ ਹੋਟਲ ਕੋਲ ਢਿੱਗ ਡਿਗਣ ਨਾਲ ਧਰਮਸ਼ਾਲਾ-ਕਾਂਗੜਾ ਸੜਕ ਬਲਾਕ ਹੋ ਗਈ ਹੈ।
ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹਨ, ਜਿਨ੍ਹਾਂ ਦੇ ਮਰਨ ਦਾ ਖਦਸ਼ਾ ਹੈ। ਹਿਮਾਚਲ ’ਚ ਭਾਰੀ ਤੋਂ ਦਰਮਿਆਨੀ ਬਾਰਿਸ਼ ਨੇ ਕਾਫੀ ਤਬਾਹੀ ਮਚਾਈ, ਜਿਸ ਨਾਲ ਮੰਡੀ, ਕਾਂਗੜਾ, ਚੰਬਾ ਅਤੇ ਸ਼ਿਮਲਾ ਜ਼ਿਲ੍ਹਿਆਂ ’ਚ ਕਈ ਥਾਵਾਂ ’ਤੇ ਹੜ੍ਹ ਆਏ ਤੇ ਢਿੱਗਾਂ ਡਿੱਗੀਆਂ। ਮੰਡੀ ਦਾ ਬੱਸ ਸਟੈਂਡ ਪਾਣੀ ਵਿਚ ਡੁੱਬ ਗਿਆ। ਚੰਬਾ ਵਿਚ ਘਰ ਢਹਿਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here