ਤਹਿਰਾਨ : ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਚੱਲ ਰਿਹਾ ਮੱਧ-ਪੂਰਬ ਟਕਰਾਅ ਹਿੰਦ ਮਹਾਂਸਾਗਰ ਤੱਕ ਫੈਲ ਸਕਦਾ ਹੈ। ਇਸ ਚਿਤਾਵਨੀ ਨੇ ਭਾਰਤ ਲਈ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਕਿਉਂਕਿ ਦੇਸ਼ ਦੀ ਊਰਜਾ ਸਪਲਾਈ ਅਤੇ ਸਮੁੰਦਰੀ ਵਪਾਰ ਲਈ ਇਸ ਖੇਤਰ ‘ਤੇ ਨਿਰਭਰਤਾ ਹੈ। ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਮਨੇਈ ਦੇ ਸਲਾਹਕਾਰ ਯਾਹੀਆ ਰਹੀਮ ਸਫਾਵੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਅਮਰੀਕਾ ਜਾਂ ਇਜ਼ਰਾਈਲ ਹੋਰ ਹਮਲੇ ਕਰਦੇ ਹਨ ਤਾਂ ਤਹਿਰਾਨ ਸੰਘਰਸ਼ ਨੂੰ ਵਧਾ ਸਕਦਾ ਹੈ, ਕਿਉਂਕਿ ਟਕਰਾਅ ਫਾਰਸ ਦੀ ਖਾੜੀ ਅਤੇ ਹੋਰਮੁਜ਼ ਜਲਡਮਰੂ ਤੋਂ ਲਾਲ ਸਾਗਰ ਤੱਕ ਫੈਲ ਗਿਆ ਹੈ, ਇਸ ਲਈ ਇਹ ਸੰਭਵ ਹੈ ਕਿ ਹੋਰ ਯੁੱਧ ਦੇ ਜਵਾਬ ਵਿੱਚ ਮੋਰਚਾ ਹੋਰ ਵੀ ਫੈਲ ਜਾਵੇਗਾ, ਹਿੰਦ ਮਹਾਸਾਗਰ ਅਤੇ ਸ਼ਾਇਦ ਉਸ ਤੋਂ ਵੀ ਅੱਗੇ ਪਹੁੰਚ ਜਾਵੇਗਾ।
ਨੌਜਵਾਨ ਨੇ ਥਾਣੇ ‘ਚ ਜ਼ਹਿਰੀਲਾ ਪਦਾਰਥ ਨਿਗਲਿਆ
ਬਰਨਾਲਾ : ਇੱਥੋਂ ਦੇ ਇੱਕ ਨੌਜਵਾਨ ਵੱਲੋਂ ਵੀਰਵਾਰ ਸਵੇਰੇ ਧਨੌਲਾ ਪੁਲੀਸ ਥਾਣੇ ਵਿੱਚ ਕਥਿਤ ਤੌਰ ‘ਤੇ ਜ਼ਹਿਰੀਲਾ ਪਦਾਰਥ ਨਿਗਲਣ ਦੀ ਘਟਨਾ ਵਾਪਰੀ ਹੈ। ਨੌਜਵਾਨ ਨੇ ਕੁੱਝ ਪੁਲੀਸ ਅਧਿਕਾਰੀਆਂ ‘ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਉਸ ਦੀ ਕਾਰ ਨਾਲ ਸਬੰਧਤ ਸ਼ਿਕਾਇਤ ਦੇ ਸਿਲਸਿਲੇ ਵਿੱਚ ਉਸ ਤੋਂ ਪੈਸੇ ਦੀ ਮੰਗ ਕਰਨ ਦਾ ਦੋਸ਼ ਲਾਇਆ। ਪਿੰਡ ਭੱਠਲਾਂ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਪੱਪੂ ਦੇ ਪੁੱਤਰ ਜੋਬਨ ਸਿੰਘ ਨੇ ਫੇਸਬੁੱਕ ‘ਤੇ ਪਾਈ ਇਕ ਵੀਡੀਓ ਵਿੱਚ ਦੋਸ਼ ਲਾਇਆ ਕਿ ਉਸ ਦੀ ਕਾਰ ਨੂੰ ਲਗਪਗ 17 ਦਿਨ ਪਹਿਲਾਂ ਅੱਗ ਲੱਗ ਗਈ ਸੀ ਅਤੇ ਉਹ ਬੀਮਾ ਦਾਅਵਾ ਸ਼ੁਰੂ ਕਰਨ ਲਈ ਰੋਜ਼ਾਨਾ ਡਾਇਰੀ ਰਿਪੋਰਟ (ਡੀ.ਡੀ.ਆਰ.) ਦਰਜ ਕਰਵਾਉਣ ਲਈ ਪੁਲੀਸ ਸਟੇਸ਼ਨ ਦੇ ਲਗਾਤਾਰ ਗੇੜੇ ਮਾਰ ਰਿਹਾ ਸੀ। ਜੋਬਨ ਨੇ ਦੋਸ਼ ਲਾਇਆ ਕਿ ਇੱਕ ਮੁਨਸ਼ੀ ਪੰਮਾ ਨੇ ਉਸ ‘ਤੇ ਵਾਹਨ ਨੂੰ ਜਾਣ ਬੁੱਝ ਕੇ ਅੱਗ ਲਗਾਉਣ ਦਾ ਦੋਸ਼ ਲਾਇਆ ਅਤੇ ਵੱਖ-ਵੱਖ ਮੌਕਿਆਂ ‘ਤੇ ਉਸ ਤੋਂ ਪੈਸੇ ਦੀ ਮੰਗ ਕੀਤੀ। ਜੋਬਨ ਨੇ ਇਹ ਕਦਮ ਚੁੱਕਣ ਲਈ ਐੱਸ.ਐੱਚ.ਓ. ਮਨਜੀਤ ਸਿੰਘ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।




