ਚੰਡੀਗੜ੍ਹ : ਪੰਜਾਬ ਦੇ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵੀਰਵਾਰ ਨੂੰ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਉਸ ਨੂੰ ਡਰਾਉਣ ਅਤੇ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਨ ਵਾਸਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵਰਤੋਂ ਕਰ ਰਹੀ ਹੈ। ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਲਾਏ ਗਏ ਦੋਸ਼ ਕਿ ਉਹ ਦੇਸ਼ ਛੱਡ ਕੇ ਭੱਜ ਗਿਆ ਹੈ, ਬਾਰੇ ਸਾਰੀਆਂ ਅਟਕਲਾਂ ਨੂੰ ਖ਼ਤਮ ਕਰਦਿਆਂ ਮੁੰਡੀਆਂ ਨੇ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਸੈਣੀ ਪ੍ਰਿੰਸ ਦੇ ਨਾਲ ਮੀਡੀਆ ਸਾਹਮਣੇ ਆ ਕੇ ਦੋਸ਼ ਲਾਇਆ ਕਿ ਬੁੱਧਵਾਰ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ‘ਤੇ ਈ.ਡੀ. ਦੀ ਛਾਪੇਮਾਰੀ ਦਾ ਮਕਸਦ ਸਿਰਫ਼ ਉਸ ਨੂੰ ਭਗਵਾਂ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਉਣਾ ਸੀ। ਈ ਡੀ ਨੇ ਕਿਹਾ ਕਿ ਸੈਣੀ ਦੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਡੀਆਂ ਸਤੰਬਰ 2024 ਤੋਂ ਮਕਾਨ ਉਸਾਰੀ ਮੰਤਰੀ ਹਨ ਅਤੇ ਈ ਡੀ ਪਿਛਲੇ ਕੁਝ ਸਾਲਾਂ ਦੌਰਾਨ ਗਮਾਡਾ ਵੱਲੋਂ ਕੀਤੇ ਗਏ ਜ਼ਮੀਨ ਗ੍ਰਹਿਣ ਕਰਨ, ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਅਤੇ ਹੋਰ ਸੌਦਿਆਂ ਦੀ ਜਾਂਚ ਕਰ ਰਹੀ ਹੈ। ਮੁੰਡੀਆਂ ਨੇ ਕਿਹਾ ਕਿ ਈ ਡੀ ਦੇ ਅਧਿਕਾਰੀ ਬੁੱਧਵਾਰ ਸਵੇਰੇ 11 ਵਜੇ ਪ੍ਰਿੰਸ ਦੇ ਘਰ ਪਹੁੰਚੇ ਅਤੇ ਮੈਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਨ ਵਾਸਤੇ ਪਰਵਾਰ ਦੀਆਂ ਔਰਤਾਂ ਉੱਤੇ ਦਬਾਅ ਬਣਾਉਂਦੇ ਰਹੇ। ਅਧਿਕਾਰੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਡਰਾਈਵਰ ਵੀ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਨ੍ਹਾਂ ਨੇ ਮੇਰੇ ਪਰਿਵਾਰ ਦੀਆਂ ਔਰਤਾਂ ਨੂੰ ਪਰੇਸ਼ਾਨ ਕੀਤਾ। ਉਨ੍ਹਾ ਨੂੰ ਤਲਾਸ਼ੀ ਮੁਹਿੰਮ ਦੌਰਾਨ ਕੁਝ ਨਹੀਂ ਮਿਲਿਆ । ਮੁੰਡੀਆਂ ਨੇ ਇਹ ਵੀ ਦੋਸ਼ ਲਾਇਆ ਕਿ ਈ ਡੀ ਅਧਿਕਾਰੀਆਂ ਨੇ ਆਪਣੀ 50 ਘੰਟੇ ਚੱਲੀ ਛਾਪੇਮਾਰੀ ਦੌਰਾਨ ਦਫ਼ਤਰਾਂ ਅਤੇ ਰਿਹਾਇਸ਼ਾਂ ਦੇ ਤਾਲੇ ਧੱਕੇ ਨਾਲ ਤੋੜੇ ਹਨ।




