ਪੁਣੇ : ਪਿੰਪਰੀ ਚਿੰਚਵਾੜ ਪੁਲਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਛੇ ਵਿਅਕਤੀਆਂ ਦੀ ਗਿ੍ਰਫਤਾਰੀ ਦੇ ਨਾਲ ਇੱਕ ਅੰਤਰਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਮੁਲਜ਼ਮ ਸਾਈਬਰ ਧੋਖਾਧੜੀ ਦੇ ਕੰਮ ਵਿੱਚ ਵਰਤੇ ਜਾਂਦੇ ਬੈਂਕ ਖਾਤੇ ਅੰਤਰਰਾਸ਼ਟਰੀ ਪੱਧਰ ’ਤੇ ਮੁਹੱਈਆ ਕਰਵਾਉਣ ’ਚ ਸ਼ਾਮਲ ਸਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ੁਭਮ ਮੋਹਨ, ਸੈਮ ਉਰਫ ਡੇਵਿਡ ਉਰਫ ਸੰਬਿਧ ਕੁਮਾਰ ਸ਼੍ਰੀਪਤੀ ਨਾਇਕ, ਪ੍ਰੋਫੈਸਰ ਉਰਫ ਹਿਮਾਂਸ਼ੂ ਕੁਮਾਰ ਗਣੇਸ਼ ਠਾਕੁਰ, ਰਾਜਾਂਸ਼ ਸਿੰਘ ਸੰਤੋਸ਼ ਸਿੰਘ, ਗੌਰਵ ਅਨਿਲ ਕੁਮਾਰ ਸ਼ਰਮਾ ਅਤੇ ਅੰਕੁਸ਼ ਰਾਮਰਾਓ ਮੋਰੇ ਵਜੋਂ ਹੋਈ ਹੈ। ਮੁੱਖ ਮੁਲਜ਼ਮ ਸੈਮ ਉਰਫ਼ ਡੇਵਿਡ, ਪਿਛਲੇ ਦੋ ਸਾਲਾਂ ਤੋਂ ਟੈਲੀਗ੍ਰਾਮ ਰਾਹੀਂ ਭਾਰਤ-ਭਰ ਦੇ ਖਾਤਾਧਾਰਕਾਂ ਨਾਲ ਸੰਪਰਕ ਕਰ ਰਿਹਾ ਸੀ। ਫਿਰ ਇਨ੍ਹਾਂ ਖਾਤਿਆਂ ਨੂੰ ਕੰਬੋਡੀਆ ਸਥਿਤ ਮੁਢਲੇ ਸ਼ੱਕੀ ਨੂੰ ਮੁਹੱਈਆ ਕਰਵਾਇਆ ਗਿਆ ਸੀ। ਕਾਰਵਾਈ ਦੌਰਾਨ ਪੁਲਸ ਨੇ ਨੌਂ ਮੋਬਾਈਲ ਫ਼ੋਨ, ਇੱਕ ਟੈਬਲੇਟ ਅਤੇ ਦਸ ਚੈੱਕਬੁੱਕ ਜ਼ਬਤ ਕੀਤੇ ਹਨ। ਮੁਲਜ਼ਮਾਂ ਨੇ ਪਿਛਲੇ ਦੋ ਸਾਲਾਂ ਵਿੱਚ ਕੰਬੋਡੀਆ ਵਿੱਚ ਮੁੱਖ ਸ਼ੱਕੀ ਨੂੰ ਹਜ਼ਾਰਾਂ ਬੈਂਕ ਖਾਤੇ ਮੁਹੱਈਆ ਕਰਵਾਏ ਹਨ। ਇਹ ਸਫਲਤਾ ਉਦੋਂ ਮਿਲੀ ਜਦੋਂ ਪਿੰਪਰੀ ਚਿੰਚਵਾੜ ਪੁਲਸ ਦੀ ਇੱਕ ਸਾਈਬਰ ਕ੍ਰਾਈਮ ਟੀਮ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਰਜ ਕੀਤੇ ਗਏ ਇੱਕ ਸ਼ੇਅਰ ਟਰੇਡਿੰਗ ਸਾਈਬਰ ਧੋਖਾਧੜੀ ਦੇ ਮਾਮਲੇ ਦੀ ਜਾਂਚ ਕੀਤੀ, ਜਿਸ ਵਿੱਚ ਪੀੜਤ ਨੇ ਉੱਚ ਰਿਟਰਨ ਦੇ ਵਾਅਦੇ ’ਤੇ 7.6 ਲੱਖ ਰੁਪਏ ਗੁਆ ਦਿੱਤੇ ਸਨ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸੈਮ ਡੇਵਿਡ ਘੱਟੋ-ਘੱਟ 20 ਵੱਖ-ਵੱਖ ਫ਼ੋਨ ਨੰਬਰਾਂ ਦੀ ਵਰਤੋਂ ਕਰਦਾ ਸੀ, ਜਿਸਦਾ ਮੁੱਢਲਾ ਅਧਾਰ ਗੋਆ ਵਿਚ ਸੀ ਅਤੇ ਉਹ ਅਕਸਰ ਪੂਰੇ ਭਾਰਤ ਵਿਚ ਘੁੰਮਦਾ ਰਹਿੰਦਾ ਸੀ। ਇੱਕ ਸੂਹ ਦੇ ਅਧਾਰ ’ਤੇ ਉਸਨੂੰ 23 ਜਨਵਰੀ ਨੂੰ ਹਿੰਜਵਾੜੀ ਵਿੱਚ ਉਸਦੇ ਅਸਲ ਨਾਂਅ ਸੰਬਿਧ ਕੁਮਾਰ ਸ਼੍ਰੀਪਤੀ ਨਾਇਕ (22) ਵਜੋਂ ਗਿ੍ਰਫਤਾਰ ਕੀਤਾ ਗਿਆ।




